ਪੰਨਾ:ਤੱਤੀਆਂ ਬਰਫ਼ਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੮੯)

ਸ਼ੁਕਰ

ਬਿਨਾਂ ਸ਼ੁਕਰ ਬੰਦੇ ਏਥੇ ਸੁਖ ਕਿਥੇ,
ਸ਼ੁਕਰ ਕੀਤਿਆਂ ਹੀ ਦੁਖ ਨਸਦਾ ਈ।
ਸ਼ੁਕਰ ਕੀਤਿਆਂ ਚਿਤ ਨੂੰ ਸ਼ਾਂਤ ਆਵੇ,
ਉਥੇ ਰਹਿਮਤਾਂ ਦਾ ਮੀਂਹ ਵਸਦਾ ਈ।
ਸ਼ੁਕਰ ਸਬਰ ਮਿਲਕੇ ਬੇੜਾ ਪਾਰ ਕਰਦੇ,
ਰਸਤਾ ਹੋਰ ਏਥੇ ਕੋਈ ਨਾ ਦਸਦਾ ਈ।
'ਕਿਰਤੀ' ਜਿਨ੍ਹਾਂ ਨੇ ਸ਼ੁਕਰ ਦਾ ਸਬਕ ਪੜ੍ਹਿਆ,
ਮਥੇ ਉਨ੍ਹਾਂ ਲਾਇਆ ਟਿਕਾ ਜਸ ਦਾ ਈ।
ਸ਼ਕਰ ਆਂਵਦਾ ਵੇਖੀਏ ਨੀਵਿਆਂ ਨੂੰ,
ਬੰਦਾ ਵੇਖਦਾ ਆਪ ਤੋਂ ਉਚਿਆਂ ਨੂੰ।
ਸ਼ੁਕਰ ਕਰੀਦਾ ਵੇਖ ਕੇ ਭੁਖਿਆਂ ਨੂੰ,
ਬੰਦਾ ਵੇਖਦਾ ਖਾਂਦਿਆਂ ਲੁਚਿਆਂ ਨੂੰ।
ਸ਼ੁਕਰ ਆਂਵਦਾ ਵੇਖੀਏ ਸਾਬਰਾਂ ਨੂੰ,
ਬੰਦਾ ਵੇਖਦਾ ਸਗੋਂ ਵਗੁਚਿਆਂ ਨੂੰ।
ਸ਼ੁਕਰ ਮਿਲੇ 'ਕਿਰਤੀ' ਤਾਂ ਫਿਰ ਰਬ ਮਿਲਦਾ,
ਜੇਕਰ ਲਭੀਏ ਅਮਲ ਦੇ ਸੁਚਿਆਂ ਨੂੰ।
ਉਹ ਭੀ ਨੇ ਜੋ ਨਿਤ ਸਵੇਰੇ, ਫੜ ਕਾਸਾ ਉਠ ਟੁਰਦੇ।
ਕਿਧਰੋਂ ਮਿਲਦਾ ਚੁਟਕੀ ਆਟਾ, ਕਿਧਰੋਂ ਖਾਲੀ ਮੁੜਦੇ।
ਫਿਰ ਭੀ ਸ਼ੁਕਰ ਕਰਨ ਰਲ ਬਹਿੰਦੇ ਉਸ ਕਾਦਰ ਦਾ 'ਕਿਰਤੀ'
ਏਧਰ ਮੂਰਖ ਧਨ ਵਾਲੇ ਪਏ ਰਹਿਣ ਹਮੇਸ਼ਾਂ ਕੜ੍ਹਦੇ।
ਅਤ ਅਮੀਰੀ ਅਤ ਗਰੀਬੀ ਦੋਵੇਂ ਰੋਗ ਪਛਾਨੋਂ।
ਦੋਵੇਂ ਰਬ ਤੋਂ ਮੁਨਕਰ ਕਰਦੇ, ਖਾਲੀ ਜਾਣ ਜਹਾਨੋਂ।
ਭਾਉ ਗਰੀਬਾਂ ਭਉ ਅਮੀਰਾਂ ਦੇ ਮਨ ਜੇਕਰ ਆਵੇ,
'ਕਿਰਤੀ' ਦੋਵੇਂ ਚੰਗੇ ਨੇ ਜੇ ਨਿਕਲੇ ਸ਼ੁਕਰ ਜ਼ਬਾਨੋਂ।