ਪੰਨਾ:ਦਸ ਦੁਆਰ.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖ਼ਾਸ ਕੁਦਰਤ ਦੇ ਪ੍ਰੇਮ ਦੀ ਰੰਗਤ ਵਿਚ ਰੰਗੇ ਹੋਏ ਵਿਖਾਈ ਦੇਂਦੇ ਹਨ। ਇਸ ਆਸ਼ਰਮ ਵਿਚ ਡਾਕਟਰ ਟੈਗੋਰ ਜੀ ਆਪ ਵੀ ਅਧਿਆਪਕ ਦਾ ਕੰਮ ਕਰ ਕੇ ਹੋਰਨਾਂ ਲਈ ਪੂਰਨੇ ਪਾਂਦੇ ਸਨ।

ਟੈਗੋਰ ਜੀ ਸਾਰੇ ਜਗਤ ਵਿਚ ਇਕ ਮੰਨੇ-ਪ੍ਰਮੰਨੇ ਮਹਾਂਪੁਰਖ ਸਨ, ਜਿਹੜੇ ਹਰ ਹਾਲਤ ਵਿਚ ਆਪਣੇ ਅਸੂਲ ਤੇ ਪੱਕੇ ਡਟੇ ਹੋਏ ਸਨ ਤੇ ਇਸੇ ਖ਼ਾਤਰ ਉਹ ਗੱਲ ਆਖਣੋਂ ਨਹੀਂ ਟਲਦੇ ਸਨ, ਜਿਹੜੀ ਉਨ੍ਹਾਂ ਦੀ ਆਤਮਾ ਆਖਦੀ ਹੈ।

ਸੰਸਾਰ ਦੇ ਵੱਡੇ ਕਵੀਆਂ ਤੇ ਲੇਖਕਾਂ ਵਿਚ ਉਹ ਗਿਣੇ ਜਾਂਦੇ ਸਨ, ਇਨ੍ਹਾਂ ਦੀਆਂ ਕਹਾਣੀਆਂ ਇਕ ਸਾਧਾਰਨ ਕਹਾਣੀਆਂ ਲਿਖਣ ਵਾਲੇ ਦੀ ਕਲਮ ਵਿਚੋਂ ਨਿਕਲੀਆਂ ਨਹੀਂ ਜਾਪਦੀਆਂ, ਸਗੋਂ ਇਕ ਫ਼ਿਲਾਸਫ਼ਰ ਕਵੀ ਦੀ ਲੇਖਣੀ ਦਾ ਸਿੱਟਾ ਪਰਤੀਤ ਹੁੰਦੀਆਂ ਹਨ। ਇਨ੍ਹਾਂ ਨੇ ਕਹਾਣੀਆਂ ਕਿਤਨੇ ਹੀ ਵਿਸ਼ਿਆਂ ਤੇ ਲਿਖੀਆਂ ਹਨ ਤੇ ਕਿਸੇ ਕਿਸੇ ਵਿਚ ਭਾਈਚਾਰਕ ਸੁਧਾਰ ਦਾ ਵੀ ਜਤਨ ਹੈ।

ਇਹ ਇਕ ਟੈਗੋਰ ਜੀ ਦੀ ਲੇਖਣੀ ਦੀ ਹੀ ਤਾਕਤ ਹੈ, ਜਿਸ ਦਾ ਸਿੱਕਾ ਦੁਨੀਆਂ ਦੇ ਹਰ ਹਿੱਸੇ ਦੇ ਵਿਦਵਾਨਾਂ ਦੇ ਦਿਲਾਂ ਤੇ ਬੈਠਾ ਹੋਇਆ ਹੈ। ਭਾਰਤ ਨੂੰ ਇਨ੍ਹਾਂ ਦੀ ਉੱਚ ਹਸਤੀ ਤੇ ਮਾਣ ਹੈ ਤੇ ਦੇਸ਼-ਵਾਸੀਆਂ ਦੇ ਦਿਲਾਂ ਵਿਚ ਇਨ੍ਹਾਂ ਲਈ ਵੱਡੀ ਸ਼ਰਧਾ ਤੇ ਪਿਆਰ ਹੈ। ਭਾਰਤ-ਵਰਸ਼ ਦਾ ਇਹ ਚਮਕਦਾ ਸੂਰਜ ਕੁਝ ਚਿਰ ਬੀਮਾਰ ਰਹਿਣ ਉਪ੍ਰੰਤ ੭ ਅਗਸਤ ੧੯੪੧ ਨੂੰ ਇਸ ਸੰਸਾਰ ਤੋਂ ਸਦਾ ਲਈ ਕੂਚ ਕਰ ਗਿਆ। ਆਪ ਦੇ ਚਲਾਣੇ ਪੁਰ ਭਾਰਤ ਵਿਚ ਤਾਂ ਮਾਤਮ ਹੋਣਾ ਹੀ ਸੀ, ਸਾਰੇ ਜਗਤ ਵਿਚ ਮਾਤਮ ਮਨਾਇਆ ਗਿਆ। ਮਹਾਤਮਾ ਗਾਂਧੀ ਜੀ ਨੇ ਆਪ ਦੇ ਚਲਾਣੇ ਦੀ ਖ਼ਬਰ ਸੁਣੀ ਤਾਂ ਆਪ ਦੇ ਹੰਝੂ ਵਹਿ ਤੁਰੇ।

-੦-
-੬-