ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/141

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੀ ਨਹੀਂ ਸੀ ਜੋ ਇਹ ਉਹੀ ਰੋਟੀ ਹੈ, ਜਿਹੜੀ ਉਸ ਨੇ ਆਪਣੀ ਹੱਥੀਂ ਪਕਾਈ ਹੈ, ਪਰ ਹੋਰ ਹੋ ਵੀ ਕੇਹੜੀ ਸਕਦੀ ਸੀ ? ਰਹੀ ਸ਼ੈਹਤ ਦੀ ਗਲ, ਮੈਂ ਇਹ ਦਸ ਨਹੀਂ ਸਕਦਾ ਸੋ ਉਹ ਕਿਤਨਾ ਚੰਗਾ ਸੀ ਤੇ ਕਿਹੋ ਜਿਹੀ ਸੁਗੰਧੀ ਦੇਂਦਾ ਸੀ। ਉਸ ਦਾ ਰੰਗ ਪਾਸੇ ਦੇ ਸੋਨੇ ਵਾਂਗ ਚਮਕਦਾ ਸੀ ਤੇ ਹਜ਼ਾਰਾਂ ਫੁੱਲਾਂ ਦੀ ਸੁਗੰਧੀ ਉਸ ਵਿਚ ਭਰੀ ਪਈ ਸੀ, ਪਰ ਇਨ੍ਹਾਂ ਫੁਲਾਂ ਦੀ ਨਹੀਂ ਜਿਹੜੇ ਇਸ ਧਰਤੀ ਦੇ ਬਾਗਾਂ ਵਿਚ ਪੈਂਦਾ ਹੁੰਦੇ ਹਨ, ਸਗੋਂ ਸੁਵਰਗ ਦੇ ਫੁਲਾਂ ਦੀ ਜਿਨ੍ਹਾਂ ਦੀ ਭਾਲ ਵਿਚ ਮੱਖੀਆਂ ਨੂੰ ਜ਼ਰੂਰ ਬਦਲਾਂ ਤੋਂ ਉਤੇ ਅਸਮਾਨ ਤੇ ਜਾਣਾ ਪਿਆ ਹੋਵੇਗਾ। ਹੈਰਾਨੀ ਤਾਂ ਇਸ ਗਲ ਦੀ ਹੈ ਜੋ ਮੱਖੀਆਂ ਉਨ੍ਹਾਂ ਸਦਾ ਖਿੜੇ ਰਹਿਣ ਵਾਲੇ ਸੁੰਦਰ ਤੇ ਇਹੋ ਜਿਹੇ ਸੁਗੰਧਿਤ ਫੁੱੱਲਾਂ ਨੂੰ ਛਡ ਕੇ ਮੁੜ ਕਿਉਂ ਫੂਲਾ ਸਿੰਘ ਦੇ ਬਗ਼ੀਚੇ ਵਿਚ ਆ ਜਾਂਦੀਆਂ ਹਨ । ਇਹੋ ਜਿਹਾ ਸ਼ੈਹਤ ਨ ਕਦੇ ਕਿਸੇ ਨੇ ਚਖਿਆ ਸੀ,ਨਾ ਵੇਖਿਆ ਸੀ ਤੇ ਨ ਸੁੰਘਿਆ ਸੀ। ਸਾਰੀ ਰਸੋਈ ਉਸ ਦੀ ਸੁਗੰਧੀ ਨਾਲ ਮਹਿਕ ਰਹੀ ਸੀ ਤੇ ਸੁਗੰਧੀ ਵੀ ਇਹੋ ਜਿਹੀ ਤੇਜ਼ ਤੇ ਦਿਲ ਖਿਚਵੀਂ ਸੀ ਕਿ ਜੇ ਕਦੇ ਕੋਈ ਪੁਰਸ਼ ਉਥੇ ਖਲੋ ਕੇ ਨੇਤਰ ਮੀਟ ਲੈਂਦਾ ਤਾਂ ਇਹ ਭੁੱਲ ਜਾਂਦਾ ਜੋ ਉਹ ਉਸ ਕੁਟੀਆ ਵਿਚ ਖਲੋਤਾ ਹੋਇਆ ਹੈ, ਜਿਸ ਦੀ ਨੀਵੀਂ ਛਤ ਉਸ ਦੇ ਸਿਰ ਨਾਲ ਪਈ ਲਗਦੀ ਹੈ ਤੇ ਜਿਸ ਦੀਆਂ ਕੰਧਾਂ ਧੂੰਏਂ ਨਾਲ ਕਾਲੀਆਂ ਹੋਈਆਂ ਪਈਆਂ ਹਨ, ਸਗੋਂ ਉਹ ਇਹੋ ਹੀ ਖ਼ਿਆਲ ਕਰਦਾ ਜੋ ਉਹ ਕਿਸੇ ਸਵਰਗ ਦੇ ਬਾਗ਼ ਵਿਚ ਹੈ ਜਿਥੇ ਚਾਰੇ ਪਾਸੇ ਸਵਰਗੀ ਸ਼ਹਿਤ ਦੇ ਛੱਤੇ ਲਗੇ ਹੋਏ ਹਨ। ਭਾਵੇਂ ਬਿਸ਼ਨੀ ਇਕ ਸਿਧੀ ਸਾਦੀ ਬੁੱਢੀ ਤੀਵੀਂ ਸੀ ਤਾਂ ਵੀ ਉਸ ਦੇ ਦਿਲ ਵਿਚ ਇਹ ਖਿਆਲ ਆ ਹੀ ਗਿਆ। ਇਹ ਜੋ ਕੁਝ ਹੋ ਰਿਹਾ ਹੈ ਸਾਧਾਰਨ ਨਹੀਂ ਇਸ ਲਈ ਪਰਾਹੁਣਿਆਂ ਨੂੰ ਰੋਟੀ ਤੇ ਸ਼ਹਿਤ ਦੇ ਕੇ ਤੇ ਉਨ੍ਹਾਂ ਅਗੇ ਅੰਗੂਰਾਂ ਦਾ ਇਕ ਇਕ ਗੁੱਛਾ ਰਖ ਕੇ ਉਹ ਫੂਲਾ ਸਿੰਘ ਦੇ ਕੋਲ ਬੈਠ ਗਈ ਤੇ ਜੋ ਕੁਝ ਉਸ ਨੇ ਆਪ ਦੇਖਿਆ

-੧੩੭-