ਜੈਤੋਈ ਜੀ ਦੀਆਂ ਅਭੁੱਲ ਯਾਦਾਂ
ਦੀਪਕ ਜੈਤੋਈ ਨੂੰ ਗੁੱਸਾ ਚੜ੍ਹਿਆ। ਉਹਨੇ ਆਪਣਾ ਖੁਰਦਰਾ ਜਿਹਾ ਖੂੰਡਾ ਉੱਚਾ ਕੀਤਾ, ਤੇ ਮੇਰੇ ਵੱਲ ਸਖ਼ਤ ਘੂਰੀ ਵੱਟ ਕੇ ਗਾਲ੍ਹ ਕੱਢੀ, "ਹਰਾਮੀ ਕਿਸੇ ਥਾਂ ਦਾ...।"
ਮੈਂ ਵੀ ਅੱਗੋਂ ਝਈ ਲੈ ਕੇ ਪੈ ਨਿਕਲਿਆ। ਸਾਡਾ ਰੌਲ਼ਾ ਵਧਦਾ ਦੇਖ ਕੇ ਰੇਡੀਓ ਸਟੇਸ਼ਨ ਦੇ ਕੁਝ ਵਰਕਰ, ਜੋ ਰਿਕਾਰਡਿੰਗ ਕਰਨ ਲਈ ਖੜ੍ਹੇ ਹੋਏ ਸਨ, ਸਾਨੂੰ ਸ਼ਾਂਤ ਕਰਨ ਲੱਗੇ। ਕਿਸੇ ਨੇ ਮੈਨੂੰ ਆਖਿਆ, "ਕੋਈ ਨਾ, ਕੋਈ ਨਾ... ਆਪਣੇ ਬਾਬਾ ਜੀ ਐ... ਉਸਤਾਦ ਜੀ... ਜੇ ਕੁਛ ਕਹਿ ਵੀ ਲਿਆ ਤਾਂ... ਕੀ ਹੋ ਗਿਆ... ਗੁੱਸਾ ਨਹੀਂ ਕਰੀਦਾ ਵੱਡਿਆ ਦਾ।"
ਕੋਈ ਦੀਪਕ ਜੀ ਨੂੰ ਆਖ ਰਿਹਾ ਸੀ, "ਬੱਚਾ ਐ ਜੀ, ਬੱਚਿਆਂ ਨਾਲ ਕਾਹਦਾ ਝਗੜਾ ਹੁੰਦੈ... ਤੁਸੀਂ ਤਾਂ ਵੱਡੇ ਓ...।"
ਮੈਂ ਚੁੱਪ ਕਰਕੇ ਖਲੋ ਗਿਆ ਸਾਂ, ਪਰ ਦੀਪਕ ਜੀ ਹਾਲੇ ਵੀ ਸ਼ੋਰ ਮਚਾ ਰਹੇ ਸਨ, "ਏਹ ਕਿਸ ਤਰ੍ਹਾਂ ਹੋ ਸਕਦਾ ਏ ਕਿ ਮੇਰੀ ਰਿਕਾਰਡਿੰਗ ਇਸ ਤੋਂ ਪਿੱਛੋਂ ਹੋਵੇ... ਤੇ ਏਸ ਦੀ ਮੈਥੋਂ ਪਹਿਲੇ... ਮੈਂ ਜਲੰਧਰ ਜਾ ਕੇ ਮੁਸ਼ਾਇਰਾ ਪੜ੍ਹਨੈਂ... ਮੈਨੂੰ ਜਲਦੀ ਏ... ਮੇਰੀ ਰਿਕਾਰਡਿੰਗ ਪਹਿਲੇ ਕਰੋ ...।"
ਗੱਲ ਕੁਝ ਵੀ ਨਹੀਂ ਸੀ। ਏਨੀ ਕੁ ਹੀ ਸੀ ਕਿ ਓਦਣ ਮੈਨੂੰ ਵੀ ਪਟਿਆਲੇ ਜਾਣ ਦੀ ਕਾਹਲ਼ ਸੀ, ਮੈਂ ਚਾਹੁੰਦਾ ਸਾਂ ਕਿ ਰਿਕਾਰਡਿੰਗ ਜਲਦੀ ਕਰਵਾ ਕੇ ਬਠਿੰਡਿਓਂ ਸਿੱਧੀ ਪਟਿਆਲੇ ਵਾਲੀ ਬੱਸੇ ਬੈਠ ਜਾਵਾਂ, ਉਥੇ ਭਾਸ਼ਾ ਵਿਭਾਗ ਵੱਲੋਂ ਸਮਾਗਮ ਸੀ। ਦੀਪਕ ਜੀ ਆਪਣੀ ਜਲੰਧਰ ਜਾਣ ਦੀ ਕਾਹਲੀ ਵਿਚ ਸਨ। ਮੈਂ ਏਨਾ ਹੀ ਕਿਹਾ ਸੀ, ਰੇਡੀਓ ਵਾਲਿਆਂ ਨੂੰ, "ਮੈਨੂੰ ਫ਼ਾਰਗ ਕਰੋ ਪਹਿਲਾਂ, ਜਲਦੀ ਜਾਣਾ ਐਂ ਮੈਂ।"
ਦੀਪਕ ਜੀ ਨੇ ਨਾ ਅੱਗਾ ਦੇਖਿਆ ਸੀ, ਨਾ ਪਿੱਛਾ, ਤੇ ਮੇਰੇ ਵੱਲ ਘੂਰ ਕੇ ਬੋਲੇ,"ਚੱਲ... ਚੱਲ... ਕਮਬਖ਼ਤ ਕਿਸੇ ਥਾਂ ਦਾ... ਪਹਿਲੇ ਮੇਰੀ ਰਿਕਾਰਡਿੰਗ ਹੋਏਗੀ... ਮੈਂ ਤੈਥੋਂ ਸੀਨੀਅਰ ਆਂ... ਕਮੂਤ ਛੋਹਰਿਆ...।"
ਮੈਂ ਕਿਹਾ, "ਬੋਲੋ ਤਾਂ ਸਿੱਧਾ, ਪੁੱਠਾ ਬੋਲਣ ਦਾ ਕੀ ਮਤਲਬ?"
ਇਹ ਸੁਣ ਉਹ ਹੋਰ ਚਿੜ੍ਹ ਗਏ ਤੇ ਬੋਲੇ, "ਚੱਲ... ਹਰਾਮਖ਼ੋਰ ਕਿਸੇ ਥਾਂ ਦਾ...।" ਇਤਨਾ ਆਖ ਉਹਨਾਂ ਆਪਣਾ ਸੋਟਾ ਉਤਾਂਹ ਨੂੰ ਚੁੱਕਿਆ, ਤਾਂ ਮੈਂ ਵੀ ਅੱਗੋਂ ਝਈਆਂ ਲੈਣ ਲੱਗਿਆ, "ਖੜ੍ਹ ਤੈਨੂੰ ਦੱਸਾਂ ਪਤਾ...।"
"ਛੱਡੋ ... ਛੱਡੋ ਜੀ, ਕੋਈ ਨਾ, ਕੋਈ ਨਾ।" ਤੋਂ ਮਗਰੋਂ ਦੀਪਕ ਜੀ ਦੀ ਰਿਕਾਰਡਿੰਗ ਹੋਣ ਲੱਗੀ ਤੇ ਮੈਂ ਰਿਕਾਰਡਿੰਗ ਸਟੂਡੀਓ ਵਿਚ ਬੈਠ ਸ਼ੀਸ਼ੇ ਵਿਚ ਦੀ ਗ਼ਜ਼ਲਾਂ ਪੜ੍ਹ ਰਹੇ ਦੀਪਕ ਜੀ ਨੂੰ ਦੇਖਣ ਲੱਗਿਆ।
11/ ਦੀਪਕ ਜੈਤੋਈ