ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੰਗ ਅੜੀਓ

ਸੁਤੀ ਉੱਠੀ ਜਾਂ ਸਵੇਰੇ, ਹੋ ਗਈ ਦੰਗ ਅੜੀਉ!
ਟੁੱਟੀ ਪਈ ਸੀ ਵਛਾਉਣੇਂ ਉੱਤੇ ਵੰਗ ਅੜੀਉ!

ਇੱਲਤੀ ਨਿਗਾਹਾਂ ਦੇ ਇਸ਼ਾਰੇ ਸਹਿਮੇ ਹੋਏ ਸੀ
ਹੱਥੀਂ ਪਾਲ਼ੇ ਨਾਗਾਂ ਦੇ ਫੁੰਕਾਰੇ ਸਹਿਮੇ ਹੋਏ ਸੀ
ਮੇਰਾ ਥੱਕਿਆ ਪਿਆ ਸੀ ਅੰਗ ਅੰਗ ਅੜੀਉ!
ਟੁੱਟੀ ਪਈ ਸੀ ਵਛਾਉਣੇਂ..............

ਲੱਖ ਭਾਵੇਂ ਮਾਘ ਦਾ ਮਹੀਨਾ ਆਇਆ ਹੋਇਆ ਸੀ
ਮੱਥੇ ਉੱਤੇ ਫੇਰ ਵੀ ਪਸੀਨਾ ਆਇਆ ਹੋਇਆ ਸੀ
ਲੱਗਾ ਫਿਕਾ ਫਿੱਕਾ ਬੁਲ੍ਹੀਆਂ ਦਾ ਰੰਗ ਅੜੀਉ!
ਟੁੱਟੀ ਪਈ ਸੀ ਵਛਾਉਣੇਂ...............

ਉਡੀਆਂ ਉਮੰਗਾਂ, ਲਾਈਆਂ ਲੰਮੀਆਂ ਉਡਾਰੀਆਂ
ਸਹੁਰੀਂ ਹੋਕੇ ਆਈਆਂ ਜਾਣੋ ਸੱਧਰਾਂ ਕੁਆਰੀਆਂ
ਮੈਨੂੰ ਆਪਣੇ ਹੀ ਕੋਲੋਂ ਆਈ ਸੰਗ ਅੜੀਉਂ
ਨੀ ਟੁੱਟੀ ਪਈ ਸੀ ਵਛਾਉਣੇਂ ...........

ਸ਼ਹਿਤ ਡਿੱਗ ਪਿਆ ਜਾਣੋਂ ਗੁੰਗੇ ਦੀ ਜ਼ੁਬਾਨ ਤੇ
ਡੋਰ ਤੋਂ ਬਿਨਾ ਹੀ ਗੁੱਡੀ ਪਹੁੰਚੀ ਅਸਮਾਨ ਤੇ
ਬਿਨਾ "ਲਾਟ" ਤੋਂ ਹੀ ਭੁੱਜਿਆ ਪਤੰਗ ਅੜੀਉ
ਨੀ ਟੁੱਟੀ ਪਈ ਸੀ ਵਛਾਉਣੇਂ ਉਤੇ ਵੰਗ ਅੜੀਉ

108/ਦੀਪਕ ਜੈਤੋਈ