ਖ਼ੁਸ਼ਕ ਮਕੱਈ
ਮਰਦ - ਮੇਰੇ ਸੰਘ ਚੋਂ ਮੂਲ ਨਾ ਲੰਘਦੀ ਚੰਦਰੀ ਖ਼ੁਸ਼ਕ ਮਕੱਈ
ਸਾਗ ਤਾਂ ਧਰ ਲੈਂਦੀ ਕੀ ਕਰਦੀ ਸੈਂ ਪਈ?
ਜ਼ਨਾਨੀ- ਪਾਣੀ ਦੀ ਘੁੱਟ ਨਾਲ ਲੰਘਾ ਲੈ ਮਿੱਠੀ ਬੜੀ ਮਕੱਈ
ਵੇ ਜੱਟ ਕੁਛ ਆਖੇ ਨਾ ਮੈਂ ਨਾ ਸਾਗ ਨੂੰ ਗਈ
ਮਰਦ - ਕਿਹੜਾ ਤੈਨੂੰ ਮੁੰਹ ਵਿੱਚ ਪਾ ਲਊ? ਕੀ ਲਾਹ ਲਊ ਕੋਈ ਤੇਰਾ?
ਸਾਰੀ ਦੁਨੀਆਂ ਖੇਤੀਂ ਫਿਰਦੀ ਕੁਝ ਰੱਖਿਆ ਕਰ ਜੇਰਾ
ਝੱਲਿਆਂ ਵਰਗੀ ਆਦਤ ਤੇਰੀ ਅਜੇ ਤੀਕ ਨਾ ਗਈ
ਸਾਗ ਤਾਂ ਧਰ ਲੈਂਦੀ..................
ਜ਼ਨਾਨੀ - ਹਥ ਲਾਇਆ ਮੈਂ ਮੈਲੀ ਹੋਣਾਂ ਦੁਨੀਆਂ ਦੀ ਅੱਖ ਮੈਲੀ
ਹੱਟੀ ਵਿੱਚ ਨਾ ਮਾਣ ਬਾਣੀਆ ਜੱਟ ਬੁਰਾ ਵਿੱਚ ਪੈਲੀ
ਸਾਗ ਦੇ ਵੱਟੇ ਪੱਤ ਲੁਟਵਾ ਕੇ ਘਰੇ ਮੁੜ੍ਹਦੀਆਂ ਕਈ
ਵੇ ਜੱਟ ਕੁਛ ਆਖੇ ਨਾ..................
ਮਰਦ - ਸਾਰੀ ਦੁਨੀਆਂ ਬਦ ਨਹੀਂ ਹੁੰਦੀ ਹਰ ਬੰਦਾ ਨਈਂ ਮਾੜਾ
ਕਿਸੇ ਦੀ ਬੱਧੀ ਖੜੀ ਹੈ ਆਖ਼ਿਰ ਮਤ ਪਾ ਚੀਕ ਚਿਹਾੜਾ
ਮੀਹਾਂ ਸਿੰਘ ਜੱਟ ਪਾਗੀ ਮੇਰਾ ਉਸ ਦੇ ਖੇਤ ਨਾ ਗਈ?
ਸਾਗ ਤਾਂ ਧਰ ਲੈਂਦੀ...................
ਜ਼ਨਾਨੀ - ਪਾਗੀ ਜੱਟ ਧੋਖਾ ਨਈਂ ਕਰਦਾ ਇਹ ਹੈ ਸੱਚ ਕਹਾਣੀ
ਰੂਪ ਵੇਖ ਕੇ ਸਭ ਦੇ ਮੁੰਹ ਵਿੱਚ ਭਰ ਆਉਂਦਾ ਹੈ ਪਾਣੀ
ਇੱਕ ਮਿਰਾ ਰੰਗ ਚਾਨਣ ਵਰਗਾ ਇੱਕ ਚੁੰਨੀ ਸੁਰਮਈ
ਵੇ ਜੱਟ ਕੁਛ ਆਖੇ......................
ਮਰਦ - ਤੇਰੀ ਗੱਲ ਮੇਰੇ ਦਿਲ ਅੰਦਰ ਸਿੱਧੀ ਖੁਭ ਗਈ ਆ ਕੇ
ਜ਼ਨਾਨੀ - ਕੀ ਖਾਧੀ ਦਾ ਖਾਣ ਵੇ ਅੜਿਆ ਅਪਣੀ ਅਣਖ ਗੁਆਕੇ
ਦੋਵੇਂ - ਬਹੁਤ ਕੀਮਤੀ ਗੱਲਾਂ ਕਰਦੈ ਇਹ "ਦੀਪਕ", ਮਲਵਈ
-ਸਾਗ ਤਾਂ ਧਰ ਲੈਂਦੀ
-ਵੇ ਜੱਟ ਕੁਛ ਆਖੇ ਨਾ
121/ਦੀਪਕ ਜੈਤੋਈ