ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੌਣ ਨੱਚਦੀ

ਮੇਰੀ ਪੱਖੀ ਦੇ ਛਣਕਦੇ ਘੁੰਗਰੂ! ਲੋਕਾਂ ਭਾਵੇਂ ਪੌਣ ਨੱਚਦੀ
ਪੱਬ ਚੁਕ ਕੇ ਗੁਆਂਢੀ ਵਿਹੰਦੇ ਰਹਿੰਦੇ, ਜਠਾਣੀ ਮੇਰੀ ਫਿਰੇ ਮੱਚਦੀ

ਵੱਟ ਤੇ ਮਰੋੜ, ਆਈਆਂ ਚੰਦ ਨੂੰ ਤ੍ਰੇਲੀਆਂ
ਮੁਸ਼ਕਾਂ ਹਵਾ ਨੂੰ, ਪੱਖੀ ਝੱਲ ਝੱਲ ਦੇ ਲੀਆਂ
ਲਈਆਂ ਸੱਧਰਾਂ ਨੇ ਅੱਜ ਅੰਗੜਾਈਆਂ-
-ਜਵਾਨੀ ਆਖੇ, ਮੈਂ ਨਾ ਬੱਚਦੀ
ਮੇਰੀ ਪੱਖੀ ਦੇ ਛਣਕਦੇ .........

ਹਾਸਿਆਂ ’ਚ ਭਿੱਜੇ ਗੀਤ ਬੁੱਲ੍ਹੀਆਂ ਤੇ ਆ ਗਏ
ਰੂਪ ਦੇ ਸਰੂਰ ਨਾਲ ਨੈਣ ਨਸ਼ਿਆ ਗਏ
ਹੱਸੇ ਪਲਕਾਂ ਦੇ ਉਹਲੇ ਚਿੱਤ ਮੇਰਾ-
ਲੁਕੀ ਨਾ ਰਹਿੰਦੀ ਗੱਲ ਸੱਚ ਦੀ
ਮੇਰੀ ਪੱਖੀ ਦੇ ਛਣਕਦੇ .........

ਮੇਰੇ ਨਾਲ ਮਾਹੀ ਰੱਖੇ, ਕਿੰਨਾ ਕੁ ਪਿਆਰ ਨੀ
ਸੀਨੇ ਦੀ ਉਮੰਗ, ਪੁੱਛੀ ਜਾਵੇ ਵਾਰ ਵਾਰ ਨੀ
ਨੀ ਮੈਂ ਬਿੰਦੇ-ਝੱਟੇ ਤੋੜ ਤੋੜ ਵੇਖਾਂ-
-ਮੱਥੇ ਤੇ ਲਾ ਕੇ ਵੰਗ ਕੱਚ ਦੀ
ਮੇਰੀ ਪੱਖੀ ਦੇ ਛਣਕਦੇ ..........

ਚੰਨ ਦੀਆਂ ਰਿਸ਼ਮਾਂ ਦੀ ਪੀਘ ਮੈਂ ਬਣਾਉਂਦੀ ਹਾਂ
ਮਾਰ ਕੇ ਹੁਲਾਰਾ, ਤਾਰੇ ਤੋੜ ਕੇ ਲਿਆਉਂਦੀ ਹਾਂ
ਨੀ! ਮੈਨੂੰ ਤੱਕ ਪਰੀਆਂ ਸ਼ਰਮਾਈਆਂ-
ਮੈਂ ਕੁੜੀਆਂ 'ਚ ਏਨਾਂ ਜਚਦੀ
ਮੇਰੀ ਪੱਖੀ ਦੇ ਛਣਕਦੇ ਘੁੰਗਰੂ
ਲੋਕਾਂ ਭਾਣੇਂ ਪੌਣ ਨੱਚਦੀ
ਜਵਾਨੀ ਆਖੇ ਮੈਂ ਨਾ ਬੱਚਦੀ

126/ਦੀਪਕ ਜੈਤੋਈ