ਦੀਪਕ ਜੀ ਜਦ ਵੀ ਮਿਲਦੇ, ਮੈਂ ਗੋਡੀ ਹੱਥ ਲਾਉਂਦਾ, ਤਾਂ ਉਹ ਝਟ ਬਠਿੰਡਾ ਰੇਡੀਓ ਵਿਖੇ ਖਹਿਬੜਣ ਵਾਲੀ ਗੱਲ ਚੇਤੇ ਕਰਦੇ, "ਓ ਜਨਾਬ ਘੁਗਿਆਣਵੀ ਸਾਹਬ... ਮੈਂ ਮਾਜ਼ਰਤ ਚਾਹੁੰਨਾ ਆਪ ਤੋਂ...।"
ਮੈਂ ਉਹਨਾਂ ਦੇ ਚਰਨ ਛੂੰਹਦਾ, "ਕਿਉਂ ਭਾਰ ਚਾੜ੍ਹ ਰਹੇ ਹੋ... ਬਾਬਾ ਜੀ, ਗ਼ਲਤੀ ਤਾਂ ਮੇਰੀ ਵੀ ਸੀ... ਮੇਰਾ ਫ਼ਰਜ਼ ਨਹੀਂ ਸੀ ਤੁਹਾਡੇ ਅੱਗਿਓਂ ਬੋਲਣ ਦਾ... ਮਾਫ਼ੀ ਤਾਂ ਮੈਂ ਮੰਗਣੀ ਆਂ ਤੁਹਾਥੋਂ।"
ਦਸ ਕੁ ਸਾਲ ਪਹਿਲਾਂ ਜਲੰਧਰੋਂ ਛਪਦੇ 'ਮਿਊਜ਼ਿਕ ਟਾਈਮ' ਵਾਲਿਆਂ ਨੇ ਡਿਊਟੀ ਲਗਾਈ ਸੀ ਕਿ ਦੀਪਕ ਜੈਤੋਈ ਜੀ ਨਾਲ ਲੰਬੀ ਮੁਲਾਕਾਤ ਕਰਾਂ ਤੇ ਪੇਪਰ ਲਈ ਭੇਜਾਂ। ਇਸ ਵਾਸਤੇ ਦੀਪਕ ਜੀ ਨੂੰ ਪੋਸਟ-ਕਾਰਡ ਲਿਖਿਆ ਸੀ ਤਾਂ ਛੇਤੀ ਹੀ ਉਹਨਾਂ ਦਾ ਖ਼ਤ ਆ ਗਿਆ, "ਜਨਾਬ, ਤੁਹਾਡਾ ਘਰ ਏ... ਜਦੋਂ ਮਰਜ਼ੀ ਆਵੋ, ਮੈਂ ਬਹੁਤਾ ਘਰ ਈ ਹੁੰਨਾਂ ਜਾਂ ਘਰ ਦੇ ਨੇੜੇ-ਤੇੜੇ ਲੱਭ ਜਾਨਾਂ... ਇਹਦੇ 'ਚ ਪੁੱਛਣ ਵਾਲੀ ਕਿਹੜੀ ਗੱਲ ਏ?"
ਖ਼ਤ ਮਿਲਣ ਦੇ ਦੋ ਦਿਨਾਂ ਪਿੱਛੋਂ ਮੈਂ ਜੈਤੋ ਚਲਾ ਗਿਆ ਸਾਂ। ਦੀਪਕ ਜੀ ਦੇ ਸ਼ਾਗਿਰਦ ਮਲਕੀਤ ਕਿੱਟੀ ਤੇ ਲੇਖਕ ਹਰਮੇਲ ਪ੍ਰੀਤ ਨੂੰ ਆਪਣੇ ਨਾਲ ਲੈ ਕੇ ਦੀਪਕ ਜੀ ਦੇ ਘਰ ਤੁਰਿਆ।
ਛੋਟਾ ਜਿਹਾ ਸਾਦਾ ਘਰ। ਬਾਲਮੀਕ ਬਸਤੀ। ਮੰਦਰ ਨੇੜੇ। ਦੀਪਕ ਜੀ ਦੀ ਨੂੰਹ ਚਰਖ਼ਾ ਕੱਤ ਰਹੀ ਸੀ। ਸਾਨੂੰ ਦੇਖ ਕੇ ਉੱਠ ਖਲੋਤੀ ਖਿੜੇ ਮੱਥੇ ਮਿਲੀ। ਸਾਡੇ ਬਹਿਣ ਲਈ ਧੁੱਪੇ ਕੁਰਸੀਆਂ ਡਾਹ ਦਿੱਤੀਆਂ। ਆਖਣ ਲੱਗੀ, "ਭਾਪਾ ਜੀ, ਦਬੜੀਖ਼ਾਨੇ ਨੂੰ ਗਏ ਐ... ਐਥੇ ਈ ਨੇੜੇ... ਦਬੜੀਖ਼ਾਨੇ... ਸ਼ਰਾਬ ਸਸਤੀ ਵਿਕ ਰਹੀ ਐ ਅੱਜ, ਸਤਵਰਨ ਵੀ ਨਾਲ ਗਿਐ, ਆਣ ਈ ਵਾਲੇ ਐ ਹੁਣੇ...।"
ਮਲਕੀਤ ਕਿੱਟੀ ਸਕੂਟਰ ਉੱਚੇ ਦੀਪਕ ਜੀ ਨੂੰ ਲੱਭਣ ਚਲਾ ਗਿਆ। ਦੀਪਕ ਜੀ ਦੀ ਧਰਮ ਪਤਨੀ ਬੀਬੀ ਬਲਵੰਤ ਕੌਰ ਸਾਡੇ ਕੋਲ ਆ ਕੇ ਬੈਠ ਗਏ। ਉਹਨਾਂ ਪਤਲਾ ਜਿਹਾ ਪੁਰਾਣਾ ਸਵੈਟਰ ਪਹਿਨਿਆਂ ਹੋਇਆ ਸੀ ਤੇ ਸਰੀਰ ਵੀ ਕਾਫ਼ੀ ਕਮਜ਼ੋਰ ਲੱਗ ਰਿਹਾ ਸੀ।
ਮੈਂ ਗੱਲ ਤੋਰੀ, "ਮਾਤਾ ਜੀ, ਤੁਸੀਂ ਕੀ ਸੋਚਦੇ ਓ... ਜੇ ਦੀਪਕ ਜੀ ਲੇਖਕ ਨਾ ਹੁੰਦੇ... ਜਾਂ ਕੁਝ ਹੋਰ ਹੁੰਦੇ, ਉਹ ਵਧੀਆ ਸੀ, ਜਾਂ ਹੁਣ... ਵਧੀਆ ਨੇ?"
ਮੇਰੀ ਗੱਲ ਹਾਲੇ ਵਿੱਚ ਹੀ ਸੀ, ਮਾਤਾ ਜੀ ਬੋਲ ਪਏ, "ਦੇਖ ਪੁੱਤ, ਮੈਨੂੰ ਕੀ ਲੱਗੇ... ਜੋ ਮਰਜ਼ੀ ਕਰੀ ਜਾਵੇ... ਇਹਦੇ ਕਰਮਾਂ 'ਚ ਈ ਇਹੋ ਕੁਝ ਲਿਖਿਆ ਸੀ... ਲਿਖਾਰੀ ਬਣਨ ਨਾਲ ਨਾਮਣਾ ਤਾਂ ਬਥੇਰਾ ਖੱਟ ਲਿਐ... ਪਰ 'ਕੱਲੇ ਨਾਮਣੇ ਨੂੰ ਕੀ ਕਰੀਏ... ਪੈਸਾ ਭੋਰਾ ਨ੍ਹੀ ਖੱਟਿਆ... ਨਾਂ ਨੂੰ ਕੀ ਚੱਟਣੈ? ...ਤੇ ਗੱਲ ਏਹੇ ਐ, ਬਈ ਜਿਹੜਾ ਕਿਤੋਂ ਪੈਸਾ ਮਾੜਾ-ਮੋਟਾ ਆਉਂਦੈ, ਇਹ ਆਉਂਦੇ ਸਾਰ ਈ ਮੁੱਕ ਜਾਂਦਾ ਐ, ਖਾ-ਪੀ ਜਾਂਦੇ ਐ ਪਿਉ-ਪੁੱਤ ਰਲਕੇ... ਮੈਂ ਤਾਂ ਭਾਈ ਬਾਹਲ਼ੀ ਔਖੀ ਕੱਟੀ ਐ ਜ਼ਿੰਦਗੀ... ਹੁਣ ਵੀ ਬੁੱਢੇ-ਵਾਹਰੇ ਕੋਈ ਸੁਖ ਨਹੀਂ... ਮੁੰਡੇ ਵੀ... ਬਸ...
13/ ਦੀਪਕ ਜੈਤੋਈ