ਵੱਜਣ ਕਾਲਜੇ ਛੁਰੀਆਂ
ਬਰਖਾ ਬਾਝੋਂ ਸੁੱਕੀਆਂ ਕਣਕਾਂ ਸਿਖਰੋਂ ਬੱਲੀਆਂ ਭੁਰੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ
ਜੋਬਨ ਮੱਚੜਾ ਡੁੱਲ੍ਹ ਡੁੱਲ੍ਹ ਪੈਂਦੈ, ਹੁਸਨ ਫਿਰੇ ਨਸ਼ਿਆਇਆ
ਵੇ! ਬੇ ਦਰਦਾ, ਤੂੰ ਕੀ ਜਾਣੇਂ ਕਿੱਦਾਂ ਵਖਤ ਲੰਘਾਇਆ
ਬਿਨਾ ਕਸੂਰੋਂ ਊਜਾਂ ਮਾਰਨ, ਨਣਦ ਜਠਾਣੀਂ ਬੁਰੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ!
ਨਾ ਦਿਲ ਹੱਸੇ, ਨਾ ਦਿਲ ਰੋਵੇ, ਨਾ ਦਿਲ ਕੁਸਕੇ ਖੰਘੇ
ਦਿਲ ਦੇ ਸੁੰਞੇ ਵਿਹੜੇ ਵਿੱਚੋਂ, ਖ਼ੁਸ਼ੀ ਨਾ ਡਰਦੀ ਲੰਘੇ
ਨਾ ਸਹੁਰਾ-ਘਰ ਚੰਗਾ ਲਗਦੈ, ਨਾ ਬਾਬਲ ਦੀਆਂ ਪੁਰੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ।
ਰੁੱਖੀਆਂ ਜ਼ੁਲਫ਼ਾਂ, ਭਿੱਜੀਆਂ ਜ਼ੁਲਫ਼ਾਂ, ਹੰਝੂਆਂ ਦੇ ਪਰਨਾਲੇ
ਚੰਨਿਆਂ ਸਾਡਾ ਦਰਦ ਮਸੂਸ਼ਣ, ਸਾਰੇ ਦਰਦਾਂ ਵਾਲੇ
ਖੂਹੀਂ-ਟੋਭੀ-ਹੱਟੀਂ-ਭੱਠੀਂ ਹਰ ਥਾਂ ਗੱਲਾਂ ਛਿੜੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ।
ਤੇਰੇ ਤਾਂ ਸੌ ਮਿੱਤਰ-ਬੇਲੀ, ਸਾਡੀ ਜਿੰਦ ਇਕੱਲੀ
ਸੜ ਜਾਂਦੀ ਹੈ ਪਈ ਤਵੇ ਤੇ, ਰੋਟੀ ਬਿਨਾ ਉਥੱਲੀ
ਇਹ ਗੱਲਾਂ ਸਭ ਦੁਨੀਆਂ ਜਾਣੇਂ, ਤੈਨੂੰ ਕਿਉਂ ਨਾ ਫੁਰੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ!
ਸੱਧਰਾਂ ਨੇ ਅੰਗੜਾਈਆਂ ਲਈਆਂ, ਚਾਵਾਂ ਗਿੱਧਾ ਪਾਇਆ
ਆਸ ਦਾ ਦੀਪਕ ਲਟ ਲਟ ਬਲਦੈ, ਨਹੀਂ ਪਤੰਗਾ ਆਇਆ
ਰੋਜ਼ ਮਸਖ਼ਰੀ ਕਰ ਕਰ ਲੰਘਣ, ਮੈਨੂੰ ਬੰਤੋ ਹੁਰੀਆ ਵੇ!
ਮੇਰੇ ਵੱਜਣ ਕਾਲਜੇ ਛੁਰੀਆਂ ਵੇ!
ਬਰਖਾ ਬਾਝੋਂ ਸੁੱਕੀਆਂ ਕਣਕਾਂ-ਸਿਖਰੋਂ ਬੱਲੀਆਂ ਭੁਰੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ!
143/ਦੀਪਕ ਜੈਤੋਈ