ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਝੂਠਾ ਮੋਹ
ਤੇਰਾ, ਤੇਰੇ ਘਰ ਚੋਂ ਉਠ ਸਤਿਕਾਰ ਗਿਆ
ਝੂਠਾ ਮੋਹ ਪਰਿਵਾਰ ਦਾ ਤੈਨੂੰ ਮਾਰ ਗਿਆ
ਮੈਂ-ਮੈਂ ਮੇਰੀ-ਮੇਰੀ ਵਿੱਚ ਤੂੰ ਗ਼ਰਕ ਗਿਐਂ
ਬਦ ਬਦਖ਼ਤਾਂ! ਕਿਉਂ ਉਮਰ ਬਿਤਾ ਕੇ ਠਰਕ ਗਿਐਂ
ਮਰੀ ਨਾ ਖ਼ਾਹਿਸ਼, ਦਿਲ ਚੋਂ ਨਾ ਹੰਕਾਰ ਗਿਆ
ਝੂਠਾ ਮੋਹ ਪਰਿਵਾਰ ਦਾ...........
ਪੁਤਰਾਂ-ਧੀਆਂ ਖ਼ਾਤਿਰ ਠੱਗੇ ਯਾਰ ਬੜੇ!
ਉਹਨਾਂ ਨੇ ਰੱਖਿਆ ਹੈ ਤੈਨੂੰ ਐਨ ਰੜੇ!
ਜਣਾ-ਖਣਾ ਸਭ ਤੇਰੀ ਭੁਗਤ ਸੁਆਰ ਗਿਆ
ਝੂਠਾ ਮੋਹ ਪਰਿਵਾਰ ਦਾ...........
ਮੇਰੇ-ਮੇਰੇ ਕਹਿਕੇ ਸੀਨੇ ਲਾਏ ਤੂੰ
ਹੱਥੀਂ ਪਾਲੇ- ਇਹ ਕੂਕਰ ਹਲਕਾਏ ਤੂੰ
ਜਿਸ ਦਾ ਦਾਅ ਲੱਗਿਆ- ਓਹੀ ਚੱਕ ਮਾਰ ਗਿਆ
ਝੂਠਾ ਮੋਹ ਪਰਿਵਾਰ ਦਾ ..........
ਤੂੰ ਅਪਣੇਂ ਨਾ ਜਾਣ ਇਹ ਤੇਰੇ ਵੈਰੀ ਨੇ
ਜੋ ਰੱਤ ਪੀਕੇ ਅੱਖ ਰੱਖਦੇ ਕੈਰੀ ਨੇ
ਉਲਝ ਗਿਆ ਤੋ ਐਸਾ, ਵਿੱਸਰ ਯਾਰ ਗਿਆ
ਝੂਠਾ ਮੋਹ ਪਰਿਵਾਰ ਦਾ...........
160/ਦੀਪਕ ਜੈਤੋਈ