ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਨੀ ਜ਼ੋਰਾਂ ਦੀ

ਮੇਰੇ ਲੁਗ ਲੁਗ ਕਰਦੇ ਅੰਗ, -ਨੀ ਮੇਰੀ ਕੁੜਤੀ ਹੋ ਗਈ ਤੰਗ
ਜਾਵਨੀ ਜ਼ੋਰਾਂ ਦੀ
ਹਾਂ! ਜਵਾਨੀ ਜ਼ੋਰਾਂ ਦੀ

ਮੇਰੇ ਮਸਤ ਸ਼ਰਾਬੀ ਨੈਣ ਰਹਿਣ ਨਸ਼ਿਆਏ ਨੀ।
ਮੇਰੇ ਸੀਨੇ ਵਿੱਚ ਤੂਫ਼ਾਨ! ਮੈਂ ਮਰ ਗਈ ਹਾਏ ਨੀ।
ਮੇਰਾ ਜੋਬਨ ਦੇਂਦੈ ਦੱਖ! ਨੀ ਮੇਰੇ ਮਗਰੇ ਰਹਿੰਦੀ ਅੱਖ-
-ਰੂਪ ਦਿਆਂ ਚੋਰਾਂ ਦੀ!
ਜਵਾਨੀ ਜ਼ੋਰਾਂ ਦੀ

ਮੇਰੇ ਕਲੀਆਂ ਵਰਗੇ ਦੰਦ, ਰੂਪ ਦੀ ਸ਼ਾਨ ਕੁੜੇ
ਮੇਰੇ ਹਾਸੇ ਚੋਂ ਖ਼ੁਸ਼ਬੋਆਂ ਕਿਰ ਕਿਰ ਜਾਣ ਕੁੜੇ
ਮੇਰੇ ਸੂਹੇ ਸੂਹੇ ਬੁੱਲ੍ਹ- ਵੇਖ ਕੇ ਭੌਰੇ ਜਾਂਦੇ ਭੁੱਲ-
ਨੀ ਮਸਤੀ ਲੋਰਾਂ ਦੀ
ਜਵਾਨੀ ਜ਼ੋਰਾਂ ਦੀ

ਮੇਰਾ ਹਵਾ-ਗੁਲਾਬੀ-ਰੰਗ, ਰੇਸ਼ਮੀ ਵਾਲ ਕੁੜੇ
ਮੇਰੇ ਰੂਪ ਨਾਲ ਰਲ ਗਿਆ, ਦੁਪੱਟਾ ਲਾਲ ਕੁੜੇ
ਮੇਰੇ ਚੰਨ ਜਿਹੇ ਮੂੰਹ ਕੋਲ ਹੈ, ਘੁੰਮਦੀ ਰਹਿੰਦੀ ਡਾਵਾਂ ਡੋਲ
ਨੀ ਡਾਰ ਚਕੋਰਾਂ ਦੀ
ਜਵਾਨੀ ਜ਼ੋਰਾਂ ਦੀ

173/ਦੀਪਕ ਜੈਤੋਈ