ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਰੋਖਿਆ ਵਿੱਚੋਂ ਦੀ ਇਹ ਮਚਲਦੀਆਂ ਰੀਝਾਂ ਦੀਆਂ ਲਗਰਾ ਬਾਹਰ ਹੋ ਤੁਰਦੀਆਂ ਹਨ, ਜਿਥੇ ਪੂਰੀ ਖਲਕਤ ਵਿੱਚੋਂ ਕਿਸੇ ਇੱਕ ਦੀ ਨੁਹਾਰ ਅੰਦਰ ਖੁਣੀ ਜਾਂਦੀ ਹੈ।8 ਸੀਨੇ ਦੀਆਂ ਧੁਰ ਅੰਦਰਲੀਆਂ ਤੈਹਾਂ ਤੱਕ ਉਕਰੇ ਉਹ ਨਕਸ਼ ਗੀਤਾਂ ਦਾ ਅੱਖਰ-ਅੱਖਰ ਹੋ ਕੇ ਕਿਰਦੇ ਹਨ। ਆਪਣੀ ਸੋਚ ਦੇ ਹਾਣੀ ਦੀ ਹੋਂਦ ਦੁਨੀਆ ਦੀ ਸਾਰੀ ਖੂਬਸੂਰਤੀ ਨੂੰ ਸਮੇਟਦੀ ਪੂਰੀ ਹਯਾਤੀ ਦੇ ਰੰਗ ਸਮੇਟ ਲੈਂਦੀ ਹੈ। ਉਸ ਦੇ ਹਾਸਿਆਂ ਦੇ ਹੱਸਣ ਵਿੱਚ ਫਸਲਾਂ ਦੇ ਪਲਣ ਦਾ ਅਹਿਸਾਸ ਪਲਦਾ ਹੈ। ਅਜਿਹੀ ਪ੍ਰਾਪਤੀ ਦੀ ਰੀਝ ਹਰ ਜਵਾਨ ਧੀ ਗੀਤਾਂ ਨੂੰ ਆਧਾਰ ਬਣਾ ਕੇ ਆਪਣੀ ਮਾਂ ਜਾਂ ਆਪਣੇ ਬਾਬੁਲ ਦੇ ਸਨਮੁਖ ਢੇਰੀ ਕਰਦੀ ਸੰਕੇਤ ਕਰਦੀ ਹੈ:

ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ
ਜਾਂ
ਜਦੋਂ ਪੈਣ ਕਪਾਹੀ ਫੁੱਲ ਵੇ।
ਧਰਤੀ ਬਾਬੁਲਾ ਸਾਨੂੰ ਉਹ ਰੁੱਤ ਲੈ ਦੇ ਮੁੱਲ ਵੇ....

ਪਰ ਬਾਬੁਲ ਦੀਆਂ ਤੰਗੀਆਂ-ਤੁਰਸ਼ੀਆਂ, ਲੋੜ੍ਹਾਂ-ਥੋੜ੍ਹਾਂ, ਤੇ ਸਮਾਜਿਕ 'ਲਛਮਣ ਰੇਖਾਵਾਂ' ਅਤੇ ਜੁਆਨ ਧੀ ਦੇ ਸੋਚਾਂ ਵਰਗਾ ਸੰਸਾਰ ਕਿਸੇ ਪੱਕੀ ਨਹਿਰ ਦੇ ਦੋ ਵੱਖ ਵੱਖ ਕਿਨਾਰੇ ਬਣ ਖਦੇ ਹਨ ਜੋ ਬਰਾਬਰ ਤਾਂ ਚਲਦੇ ਹਨ ਪਰ ਕਿਤੇ ਜਾ ਕੇ ਮਿਲਦੇ ਨਹੀਂ ਅਤੇ ਇਹੀ ਦੋ ਕਿਨਾਰੇ ਆਪਣੇ ਅੰਦਰ ਇਕ ਵਿਥ ਪਾਲਦੇ ਮਨੁੱਖੀ ਰੀਝਾਂ ਨੂੰ ਕੁਚਲਦੇ ਕਾਵਿ (ਸਾਹਿਤ) ਦੀ ਰਚਨਾ ਕਰਦੇ ਹਨ। ਅਜਿਹੇ ਸਮੇਂ ਇਸ ਸਮਾਜਿਕ ਪ੍ਰਬੰਧ ਪ੍ਰਤੀ ਉਲਾਂਭੇ ਅਤੇ ਗਿਲੇ-ਸ਼ਿਕਵੇ, ਸੋਚਾਂ ਵਿਚਲੇ ਰਾਜ ਕੁਮਾਰ ਨਾਲ ਜਦੋਂ ਨਾਲ ਨਿਭ ਰਹੇ ਸਾਥੀ ਨੂੰ ਤੋਲਦੇ ਹਨ ਤਾਂ ਗੀਤ ਰੂਪ ਧਾਰ ਕੇ ਆਪ-ਮੁਹਾਰੇ ਹੀ ਫੁੱਟ ਪੈਂਦੇ ਹਨ:

ਬਾਬਲ ਨੇ ਵਰ ਟੋਲਿਆ,
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ।
- - - - - - - - - - ਮੁੰਡਾ ਰੋਹੀ ਦੀ ਕਿੱਕਰ ਨਾਲੋਂ ਕਾਲਾ,
ਵਿਆਹ ਕੇ ਲੈ ਗਿਆ ਤੂਤ ਦੀ ਛਟੀ।

ਇਹੀ ਕਾਰਨ ਹੈ ਕਿ ਸਾਡੇ ਸਮਾਜ ਅਤੇ ਸਾਡੇ ਪੰਜਾਬੀ ਸਭਿਆਚਾਰ ਅੰਦਰ ਇਹ ਸਾਥ ਮਾਨਣ ਦੀ ਥਾਂ ਸਿਰਫ ਤੇ ਸਿਰਫ ਨਿਭਾਇਆ ਹੀ ਜਾਂਦਾ ਹੈ, ਅਤੇ ਜੋ ਇਹ ਸਾਥ ਮਾਨਦੇ ਹਨ ਉਹਨਾਂ ਨੇ ਚਿੱਟੇ ਚੌਲ ਪੁੰਨ ਕੀਤੇ ਹੁੰਦੇ ਹਨ:

ਚਿੱਟੇ ਚੌਲ ਜਿਹਨਾਂ ਨੇ ਪੁੰਨ ਕੀਤੇ,
ਰੱਬ ਨੇ ਬਣਾਈਆਂ ਜੋੜੀਆ।

ਇਸੇ ਦਾ ਇੱਕ ਹੋਰ ਪੱਖ ਵੀ ਸਾਡੇ ਸਭਿਆਚਾਰਕ ਸਮਾਜ ਵਿੱਚ ਉਭਰਵੇਂ ਰੂਪ ਵਿੱਚ ਵਿਖਾਈ ਦਿੰਦਾ ਹੈ ਜਦੋਂ ਮਚਲਦੀਆਂ ਰੀਝਾਂ ਭਰ ਜੋਬਨ 'ਤੇ ਹੁੰਦੀਆਂ ਹਨ। ਅੱਜ-ਕੱਲ੍ਹ ਕਰਦਿਆਂ ਜਾਂ ਰੀਝਾਂ ਦੇ ਸੰਸਾਰ ਨੂੰ ਭਾਲਦਿਆਂ ਜੇ ਮਾਪਿਆਂ ਵੱਲੋਂ

33/ਦੀਪਕ ਜੈਤੋਈ