ਪੰਨਾ:ਦੀਵਾ ਬਲਦਾ ਰਿਹਾ.pdf/44

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਤਨ ਨੇ "ਲਿਆ ਦਿਆਂਗਾ, ਪੁਤਰੀ" ਕਹਿ ਕੇ ਉਸਨੂੰ ਤੋਰਿਆ ਹੀ ਸੀ ਕਿ ਇਤਨੇ ਨੂੰ ਉਸ ਦਾ ਅੱਠਾਂ ਕੁ ਸਾਲਾਂ ਦਾ ਪੁੱਤਰ ਰੂੰ ਰੂੰ ਕਰਦਾ ਆ ਪਹੁੰਚਿਆ, 'ਭਾਪਾ ਜੀ! ਅਜ ਜੇ ਖ਼ਾਕੀ ਨਿੱਕਰ ਨਾ ਲਿਆ ਕੇ ਦਿੱਤੀ ਤਾਂ ਮਾਸਟਰ ਜੀ ਨੇ ਕੱਲ ਜਮਾਤ ਵਿਚ ਵੜਨ ਨਹੀਂ ਦੇਣਾ। ਨਾਲੇ..........ਕਹਿੰਦੇ ਸੀ ਪੰਜ ਬੈਂਤ ਵੀ.............' ਹਾਲੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਉਸ ਦੀ ਵੱਡੀ ਕੁੜੀ, ਜੋ ਪੰਜਵੀਂ ਵਿਚ ਪੜ੍ਹਦੀ ਸੀ, ਆਪਣੀ ਫ਼ਰਮਾਇਸ਼ ਫੜੀ ਆ ਧਮਕੀ, “ਭਾਪਾ ਜੀ ! ਭੈਣ ਜੀ ਕਹਿੰਦੇ ਸਨ ਕਿ ਜੇ ਕੱਲ ਭੂਗੋਲ ਦੀ ਕਿਤਾਬ ਨਾ ਲੈ ਕੇ ਆਈਓਂ ਤਾਂ.......... ਫ਼ੀਸ ਵੀ ਲਗ ਜਾਏਗੀ ਤੇ ਨਾਲੇ ਇਮਤਿਹਾਨ ਵਿਚੋਂ ਫੇਲ੍ਹ ਕਰ ਦਿਆਂਗੇ।”

ਰਤਨਾ ਸੋਚਣ ਲਗਾ, 'ਮੁਸ਼ਕਲ ਨਾਲ ਦਿਹਾੜੀ ਵਿਚ ਤਿੰਨ ਕੁ ਰੁਪਏ ਕਮਾਉਂਦਾ ਹਾਂ, ਉਸ ਵਿਚੋਂ ਖਿਡਾਉਣੇ, ਨਿੱਕਰ ਤੇ ਕਿਤਾਬ............। ਕਾਸ਼ ! ਕਿ ਇਹ ਬੱਚੇ ਮੇਰੀ ਮੁਸ਼ਕਲ ਸਮਝ ਸਕਦੇ।'.........ਤੇ ਉਹ ਇਕ ਦਬਵਾਂ ਜਿਹਾ ਹਉਕਾ ਲੈ ਕੇ ਫੇਰ ਪੱਗ ਬੰਨ੍ਹਣ ਲਗ ਪਿਆ।

ਇੰਨੇ ਨੂੰ ਉਸਦੀ ਘਰ ਵਾਲੀ ਆ ਗਈ, ‘ਜੀ ! ਅਜ ਰਾਸ਼ਨ ਵੀ ਕੋਈ ਨਹੀਂ। ਪਰਸੋਂ ਦਾ ਸ਼ੀਲੋ ਦੀ ਭਾਬੀ ਕੋਲੋਂ ਹੁਧਾਰਾ ਆਟਾ ਲੈ ਰਹੇ ਹਾਂ। ਹੁਣ ਵੀ ਕੈਲਾਸ਼ ਹੋਰਾਂ ਦੇ ਘਰੋਂ ਗਲਾਸ ਚਾਵਲ ਮੰਗ ਕੇ ਖਿਚੜੀ ਰਿੰਨ੍ਹੀ ਹੈ ............|" ਰਤਨੇ ਨੇ ਦੋ ਤਿੰਨ ਵਾਰੀ ਆਪਣੇ ਹੇਠਲੇ ਬੁਲ੍ਹ ਨੂੰ ਆਪ ਹੀ ਚੂਸਿਆ ਤੇ ਫਿਰ ਜ਼ਬਾਨ ਨੂੰ ਬਾਹਰ ਕੱਢ ਕੇ ਬੁਲ੍ਹਾਂ ਤੇ ਫੇਰਨਾ ਸ਼ੁਰੂ ਕਰ ਦਿੱਤਾ।

ਰਤਨੇ ਦੀ ਘਰਵਾਲੀ ਨੇ ਖਿਚੜੀ ਸਵੇਰੇ ਤੜਕੇ ਦੀ ਹੀ ਚਾੜ੍ਹੀ

੪੪
ਰਿਕਸ਼ੇ ਵਾਲਾ