ਪੰਨਾ:ਦੀਵਾ ਬਲਦਾ ਰਿਹਾ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਕੇ ਤੁਰ ਪਿਆ, ਹਾਲ ਗੇਟ ਵਲ। ਰਸਤੇ ਵਿਚ ਉੱਚੀ ਉੱਚੀ ਅਵਾਜ਼ਾਂ ਦਈ ਜਾਂਦਾ ਸੀ..... "ਹੈ ਕੋਈ ਸਵਾਰੀ ? ਹਾਲ ਗੇਟ.... ਸਟੇਸ਼ਨ...ਪੁਤਲੀ ਘਰ ......ਖ਼ਾਲਸਾ ਕਾਲਜ ?......ਬਚ ਵੀਰ ਓਏ..... ਲਾਗੇ ਮਾਈ.....” ਤੇ ਜਦ ਹਾਲ ਗੇਟ ਦੇ ਕਲਾਕ ਨੇ ਸ਼ਾਮ ਦੇ ਛੇ ਖੜਕਾਏ, ਰਤਨਾ ਉਥੇ ਹੀ ਰਿਕਸ਼ੇ ਕੋਲ ਖੜਾ ਆਪਣੀ ਅੱਜ ਦੀ ਕਮਾਈ ਹੋਈ ਪੂੰਜੀ ਗਿਣ ਰਿਹਾ ਸੀ। ਉਸ ਸਵੇਰ ਦੇ ਸਾਢੇ ਛੇ ਰੁਪਏ ਕਮਾ ਲਏ ਸਨ। ਦੋ ਰੁਪਏ ਮਾਲਕ ਨੂੰ ਦੇਣੇ ਸਨ ਤੇ ਸਾਢੇ ਚਾਰ ਉਸ ਦੇ ਆਪਣੇ। ਉਸ ਵਕਤ ਉਹ ਥਕ ਕੇ ਚੂਰ ਹੋ ਗਿਆ ਸੀ। ਉਸ ਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ। ਉਸ ਨੂੰ ਖਲੋਤੇ ਰਹਿਣਾ ਵੀ ਮੁਸ਼ਕਲ ਜਾਪਣ ਲਗਾ, ਜਿਵੇਂ ਉਹ ਚੱਕਰ ਖਾ ਕੇ ਢਹਿ ਹੀ ਪਵੇਗਾ। ਸੁ ਰਿਕਸ਼ੇ ਉਪਰ ਬੈਠ ਕੇ ਸੋਚਣ ਲਗ ਪਿਆ ਕਿ ਇਹਨਾਂ ਸਾਢੇ ਚੌਹਾਂ ਦਾ ਕੀ ਕੀ ਲਿਆਵਾਂਗਾ ? ਉਹ ਹਾਲੇ ਸੋਚ ਹੀ ਰਿਹਾ ਸੀ ਕਿ 'ਗਰਮਾ ਗਰਮ....... ਘਿਉ ਦੀਆਂ ਤਰੀਆਂ....ਮਸਾਲੇਦਾਰ ਛੇ ਆਨੇ ਪਲੇਟ ਖਰੌੜੇ' ਦੀ ਅਵਾਜ਼ ਨੇ ਉਸ ਦੇ ਮੂੰਹ ਵਿਚ ਪਾਣੀ ਲੈ ਆਂਦਾ। ਉਸ ਦਾ ਦਿਲ ਕੀਤਾ ਕਿ ਇਕ ਪਲੇਟ ਖਾ ਲਵੇ, ਕੁਝ ਥਕੇਵਾਂ ਦੂਰ ਹੋ ਜਾਵੇਗਾ.... ਪਰ ਜਦ ਉਸ ਦੀਆਂ ਅੱਖਾਂ ਅਗੇ, ਆਪਣੇ ਨਿੱਕੇ ਨਿੱਕੇ ਬੱਚਿਆਂ ਦੀਆਂ ਮੰਗਾਂ ਲੰਘੀਆਂ, ਤਾਂ ਉਹ ਛੇ ਆਨੇ ਖ਼ਰਚਣ ਦਾ ਜੇਰਾ ਨਾ ਕਰ ਸਕਿਆ...... 'ਮੇਰੇ ਬੱਚੇ ਪਾਟੇ ਕਪੜਿਆਂ ਵਿਚ ਫਿਰਨ, ਕਈ ਡੰਗ ਛੋਲੇ ਖਾ ਕੇ ਗੁਜ਼ਾਰਾ ਕਰਨ ਤੇ ਮੈਂ.........ਮੈਂ ਖਰੌੜੇ ਖਾਵਾਂ ? ਅਸੰਭਵ ਹੈ।’

ਉਹ ਦੋ-ਚਿਤੀ ਦੀ ਬੇੜੀ ਵਿਚ ਕਦਮ ਟਿਕਾਈ ਤੱਕੋ ਡੋਲੇ ਖਾ ਰਿਹਾ ਸੀ । ਪਤਾ ਨਹੀਂ ਹੋਰ ਕਿੰਨਾ ਚਿਰ ਉਹ ਸੋਚ-ਸਮੁੰਦਰ ਵਿਚ ਗੋਤੇ ਖਾਂਦਾ ਰਹਿੰਦਾ, ਜੇ ਦੋ ਮੋਟੇ ਮੋਟੇ ਲਾਲੇ ਇਹ ਪੁਛ ਕੇ ਉਸ ਦਾ

੪੬

ਰਿਕਸ਼ੇ ਵਾਲਾ