ਪੰਨਾ:ਦੀਵਾ ਬਲਦਾ ਰਿਹਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਲੀ ਭਲਕ ਯਾਰਾਂ ਵਜੇ ਉਹ ਇੰਟਰਵਿਊ ਲਈ ਹਾਜ਼ਰ ਗਿਆ। ਕੇਵਲ ਤਿੰਨ ਓਦਵਾਰ ਸਨ। ਉਨ੍ਹਾਂ ਵਿਚੋਂ ਰਮੇਸ਼ ਚੁਣਿਆ ਗਿਆ। ਉਸਨੂੰ ਅਕਾਊਂਟੈਂਟ ਜਨਰਲ ਦੇ ਆਫ਼ਿਸ ਵਿਚ ਸੀਨੀਅਰ ਕਲਰਕ ਦੀ ਪੋਸਟ ਮਿਲੀ ਸੀ। ਉਹ ਇਸ ਤੇ ਵੀ ਖੁਸ਼ ਸੀ, ਬਹੁਤ ਖ਼ੁਸ਼। ਦਸ ਤਰੀਕ ਨੂੰ ਉਸ ਨੇ ਜਾਇਨ ਕਰਨਾ ਸੀ। ਸ਼ਾਮੀਂ ਛੇ ਵਜੇ ਦੀ ਗੱਡੀ ਉਹ ਵਾਪਸ ਜਾਲੰਧਰ ਜਾਣ ਲਈ ਤਿਆਰ ਪਿਆ।

ਸਟੇਸ਼ਨ ਤੇ ਪੁਜ ਕੇ ਟਿਕਟ-ਘਰ ਅਗੇ ਲੱਗੀ ਭੀੜ ਵਿਚ ਘੁਸੜ ਗਿਆ। ਟਿਕਟ ਲਈ ਪੈਸੇ ਕਢਣ ਵਾਸਤੇ ਜਦੋਂ ਉਸ ਨੇ ਜੇਬ ਚ ਹੱਥ ਪਾਇਆ ਤਾਂ ਜਿਵੇਂ ਉਸ ਦਾ ਦਿਮਾਗ਼ ਸੁੰਨ ਹੋ ਗਿਆ। ਰਮੇਸ਼ ਦੀ ਜੇਬ ਬਟੂਏ ਸਣੇ ਕੱਟੀ ਗਈ ਸੀ। ਦੋ ਮਿੰਟ ਤਾਂ ਉਹ ਕੁਝ ਸੋਚ ਵੀ ਨਾ ਸਕਿਆ ਕਿ ਹੁਣ ਕੀ ਕਰੇ ਤੇ ਕੀ ਨਾ ਕਰੇ। ਬਗ਼ੈਰ ਪੈਸਿਆਂ ਤੋਂ ਕਿਵੇਂ ਜਾਲੰਧਰ ਤਕ ਪੁਜਿਆ ਜਾਵੇ, ਉਹ ਸੋਚਣ ਲਗਾ। ਅੰਬਾਲੇ ਕੋਈ ਵਾਕਫ਼ ਵੀ ਨਜ਼ਰ ਨਾ ਆਇਆ, ਜਿਸ ਤੋਂ ਉਹ ਕੁਝ ਫੜ ਫੜਾ ਲਵੇ। ਤੇ ਕਾਫ਼ੀ ਚਿਰ ਸੋਚਣ ਉਪਰੰਤ ਉਸ ਨੇ ਬੇ-ਟਿਕਟਾ ਹੀ ਸਫ਼ਰ ਕਰਨ ਦੀ ਠਾਣ ਲਈ। ਫ਼ੈਸਲਾ ਕਰਨ ਦੀ ਦੇਰ ਸੀ ਕਿ ਰਮੇਸ਼ ਦਾ ਦਿਲ ਦੂਣੀ ਤੇਜ਼ੀ ਨਾਲ ਧੜਕਣ ਲਗ ਪਿਆ। ਲੱਤਾਂ ਬੀ ਬੀ ਜਾਣ ਪਰ ਇਸ ਤੋਂ ਬਗ਼ੈਰ ਹੋਰ ਹੋ ਵੀ ਕੀ ਸਕਦੀ ਸੀ ?

ਗੱਡੀ ਆਉਣ ਵਿਚ ਹਾਲੇਂ ਚੋਖਾ ਸਮਾ ਸੀ। ਗੇਟ ਤੇ ਤਾਂ ਟੀਟੀ ਕੋਈ ਨਹੀਂ ਸੀ। ਫਲੌਰ ਦੇ ਸਟੇਸ਼ਨ ਤੇ ਜਦੋਂ ਗੱਡੀ ਰੁਕੀ ਤਾਂ ਚੈੱਕਰ ਟਿਕਟਾਂ ਵੇਖਣ ਚੜ੍ਹ ਆਇਆ। ਉਸ ਨੂੰ ਵੇਖਦਿਆਂ ਹੀ ਰਮੇਸ਼ ਦਾ ਰੰਗ ਬੱਗਾ ਪੂਣੀ ਹੋ ਗਿਆ। ਜਦੋਂ ਚੈੱਕਰ ਨੇ ਉਸ ਕੋਲੋਂ

ਦੀਵਾ ਬਲਦਾ ਰਿਹਾ

੭੫