ਪੰਨਾ:ਦੁਖੀ ਜਵਾਨੀਆਂ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਗਲਾ

'ਦੁਖੇ ਹੋਏ ਦਾ ਦੁਖ, ਦੁਖੀ ਹੀ ਵੰਡਾਂਦਾ ਹੈ....'


ਉਸ ਨੂੰ ਕੋਈ ਨਹੀਂ ਜਾਣਦਾ ਸੀ। ਚਿਰ ਹੋਇਆ, ਇਕ ਸਾਧੂ ਨਾਲੋਂ ਏਥੇ ਰਹਿ ਗਿਆ ਸੀ, ਬਸ ਓਦੋਂ ਤੋਂ ਇਸੇ ਬੋਹੜ ਦੇ ਥਲੇ ਘਰ ਬਣਾਈ ਬੈਠਾ ਸੀ। ਦਿਨ-ਰਾਤ, ਧੁਪ-ਮੀਂਹ, ਲੋ-ਝਖੜ, ਤਾ-ਠੰਡ ਸਭ ਓਸ ਨੇ ਏਥੇ ਹੀ ਬਤਾਏ ਸਨ। ਕੱਲਾ ਹੀ ਮਨ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰਦਾ ਰਹਿੰਦਾ? ਆਪਣੇ ਆਪ ਹੱਸਦਾ, ਰੋਂਦਾ, ਨੱਚਦਾ ਗਾਂਦਾ। ਇਕ ਮੈਲੀ ਫਟੀ ਹੋਈ ਧੋਤੀ ਉਸ ਦੇ ਲੱਕ ਨਾਲ ਚਿਮਟੀ ਰਹਿੰਦੀ, ਜਿਸ ਨੂੰ ਸਦਾ ਹੀ ਬੰਨ੍ਹਣ ਦੀ ਲੋੜ ਨਾ ਭਾਸਦੀ, ਬੰਨ੍ਹਣ ਤੇ ਵੀ ਓਸ ਫੱਟੀ ਹੋਈ ਧੋਤੀ ਨਾਲ ਉਸ ਦੀ ਪੱਤ ਢੱਕੀ ਤੇ ਨਾ ਜਾਂਦੀ!

ਛੋਟੇ ਛੋਟੇ ਬੱਚਿਆਂ ਦੀ ਖੇਲ ਲਈ ਤਾਂ ਉਹ ਇਕ ਖਡੌਣਾ ਸੀ; ਲਾਗਲੇ ਘਰਾਂ ਦੇ ਬੱਚੇ, ਉਸ ਨੂੰ ਦਿਨ ਭਰ ਘੇਰੀ ਰਖਦੇ-ਉਸ ਨੂੰ ਚਿੜਾਂਦੇ, ਉਸ ਦੀਆਂ ਹਾਸੋ ਹੀਣੀਆਂ ਗੱਲਾਂ ਸੁਣਦੇ ਅਤੇ ਉਸ ਦਾ ਰੰਗ ਢੰਗ ਵੇਖ ਕੇ ਹੱਸਦੇ ਹੱਸਦੇ ਦੂਹਰੇ ਹੋ ਜਾਂਦੇ।

ਬੋਹੜ ਤੋਂ ਥੋੜੀ ਵਿਥ ਤੇ ਇਕ ਸ਼ਿਵਾਲਾ ਸੀ। ਸ਼ਿਵਰਾਤ੍ਰੀ ਦਾ ਤਿਉਹਾਰ ਹੋਣ ਕਰਕੇ ਅੱਜ ਦੇ ਸ਼ਿਵਾਲੇ ਵਿਚ ਬੜੀ ਰੌਣਕ ਸੀ। ਬੱਚਿਆਂ ਨੂੰ ਖੁਸ਼ ਕਰਨ ਲਈ ਮੰਦਰ ਦੀ