ਪੰਨਾ:ਦੁਖੀ ਜਵਾਨੀਆਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸ਼ਾ

ਬੁਢੀ 'ਵੀਰਾਂ' ਨੂੰ ਅੱਜ ਇਕ ਰੁਪਿਆ ਇਨਾਮ ਮਿਲਿਆ ਸੀ। ਉਹ ਬੜੀ ਪ੍ਰਸੰਨ ਸੀ। ਗਲੀ ਦੇ ਨਾਲ 'ਬੂਆ' ਨਾਮ ਵਾਲੀ ਇਕ ਤੰਬੋਲਨ (ਪਾਨ ਵੇਚਣ ਵਾਲੀ) ਦੀ ਛੋਟੀ ਜਿਹੀ ਹਟੀ ਸੀ। ਵੀਰਾਂ ਸਾਰੇ ਦਿਨ ਦੀ ਥੱਕੀ, ਨਿਤ ਹੀ ਸ਼ਾਮ ਵੇਲੇ, ਬੂਆ ਦੇ ਕੋਲ, ਸ਼ਹਿਰ ਦੇ ਲੋਕਾਂ ਦੀਆਂ ਭਲੀਆਂ ਬੁਰੀਆਂ ਖਬਰਾਂ ਸੁਨਣ ਲਈ ਆਇਆ ਕਰਦੀ ਸੀ। ਅੱਜ ਆਉਂਦਿਆਂ ਹੀ ਵੀਰਾਂ ਨੇ ਕਿਹਾ

'ਕਿੰਨੇ ਭਲੇ ਪੁਰਸ਼ ਨੇ, ਪੂਰਾ ਰੁਪਿਆ ਇਨਾਮ ਦੇ ਦਿਤਾ। ਕਿਉਂ ਬੂਆ, ਕਿੰਨੇ ਭਲੇ ਪੁਰਸ਼ ਨੇ?'

ਬੂਆ ਇਕ ਮੋਟੀ ਅਧਖੜ ਇਸਤ੍ਰੀ ਸੀ। ਸਦਾ ਹੀ ਉਸ ਦੇ ਮੂੰਹ ਵਿਚ ਪਾਨ ਰਹਿੰਦਾ ਸੀ। ਸਾਹਮਣੇ ਕਥੇ ਅਰ ਚੂਨੇ ਦੇ ਭਾਂਡੇ, ਬਿਲਕੁਲ ਸਾਫ, ਚਮਕਦੇ ਹੋਏ ਪਏ ਹੁੰਦੇ। ਪਾਣੀ ਨਾਲ ਭਿਜੇ ਹੋਏ ਪਾਨਾਂ ਦੀਆਂ ਗਲੀਆਂ ਦਾ ਢੇਰ ਵੀ ਕੋਲ ਹੀ ਪਿਆ ਹੁੰਦਾ। ਵੀਰਾਂ ਦੀ ਗਲ ਸੁਣ ਕੇ, ਮੂੰਹ ਮਾਰਦੀ ਹੋਈ ਉਹ ਬੋਲੀ-'ਵੀਰਾਂ, ਕਿਸ ਨੇ ਦੀਆ ਏਕ ਰੁਪਿਆ ਤੁਮ੍ਹੇਂ?'

ਵੀਰਾਂ ਨੇ ਕੋਲ ਦੇ ਫਟੇ ਤੇ ਬੈਠਦਿਆਂ ਕਿਹਾ'ਚੌਧਰੀ ਜੀ ਨੇ।'

'ਹੂੰ, ਕਿਆ ਏਕ ਰੁਪਿਆ ਹੀ ਬਨ ਪੜਾ ਉਨ ਸੇ? ਜਾਣਤੀ ਹੈ, ਚੌਧਰੀ ਨੇ ਲਾਟਰੀ ਜੀਤੀ ਹੈ।'