(੧੬)
ਪੰਧ ਨੇ ਬਹੁਤ ਸਤਾਇਆ ਸੀ। ਠਗਾਂ ਚੋਰਾਂ ਦਾ ਬਹੁਤ ਸੀ ਖੌਫ ਮੈਨੂੰ ਮੈਂ ਕਿਤੇ ਅਰਾਮ ਨਾ ਪਾਇਆ ਸੀ। ਪਿੰਡ ਜਾਇਕੇ ਖੂਬ ਅਰਾਮ ਕਰੀਏ ਮੈਂ ਤੇ ਸਭ ਨੂੰ ਆਖ ਸੁਣਾਇਆ ਸੀ। ਅਜ ਆਇਆ ਹਾਂ ਦੁਲਿਆ ਪਾਸ ਤੇਰੇ ਕਲ ਦੁਗਨਾ ਮੰਜਲ ਕਰਾਇਆ ਸੀ। ਸਾਨੂੰ ਮਾਰ ਥਕਾਨ ਨੇ ਚੂਰ ਕੀਤਾ ਸਾਰੀ ਰਾਤ ਨਾ ਕਿਤੇ ਠਹਿਰਾਇਆ ਸੀ। ਦੁਲਾ ਆਖਦਾ ਕਰੋ ਅਰਾਮ ਭਾਈ ਘੋੜਾ ਕੁਲ ਤਬੇਲੇ ਲਵਾਯਾ ਸੀ। ਮੇਰੇ ਸ਼ਹਿਰ ਦੇ ਵਿਚ ਨਾ ਖੌਫ ਕੋਈ ਚੋਰ ਯਾਰ ਮੈਂ ਕੁਲ ਮੁਕਾਯਾ ਸੀ। ਕੀਤੀ ਖੂਬ ਸੇਵਾ ਤਨੋਂ ਮਨੋਂ ਲਾ ਕੇ ਨਾਲੇ ਖੂਬ ਮਕਾਨ ਸਜਾਯਾ ਸੀ। ਸਾਰੀ ਰਾਤ ਨਾ ਸੁਤਿਆਂ ਹੋਸ਼ ਆਈ ਕੁਲ ਰਾਹ ਦਾ ਦੁਖ ਭੁਲਾਯਾ ਸੀ। ਅਧੀ ਰਾਤ ਨੂੰ ਦੁਲੇ ਨੇ ਕਠ ਕੀਤਾ ਘੋੜਾ ਪੰਜ ਸੌ ਤੁਰਤ ਵੰਡਾਇਆ ਸੀ। ਘਰੀਂ ਜਾ ਘੋੜੇ ਸਭਨਾਂ ਬੰਨ ਲਏ ਅਲੀ ਸੁਤਾ ਨਾ ਮੂਲ ਜਗਾਇਆ ਸੀ। ਪਹਿਰੋਂ ਨਿਕਲੇ ਅਲੀ ਜਾਗਿਆ ਸੀ ਤਦੋਂ ਦੁਲੇ ਨੂੰ ਪਾਸ ਬੁਲਾਇਆ ਸੀ। ਭਾਈ ਅਸਾਂ ਨੂੰ ਟੋਰ ਸ਼ਿਤਾਬ ਕਰਕੇ ਅਲੀ ਆਖ ਕੇ ਇਹ ਫੁਰਮਾਇਆ ਸੀ। ਦੁਲਾ ਆਖਦਾ ਇਹ ਕੀ ਬੋਲਿਆ ਤੈਂ ਘੋੜੇ ਕਦੋਂ ਤੂੰ ਏਥੇ ਲਿਆਇਆ ਸੀ। ਅਸਾਂ ਟੈਹਲ ਕੀਤੀ ਤੇਰੀ ਦਿਲੋਂ ਲਾ ਕੇ ਉਲਟਾ ਸਾਨੂੰ ਤੂੰ ਚੋਰ ਬਣਾਇਆ ਸੀ। ਭਲਾ ਚਾਹੋਂ ਤਾਂ ਉਠ ਕੇ ਜਾ ਏਥੋਂ ਅਸਾਂ ਤੈਨੂੰ ਇਹ ਆਖ ਸੁਣਾਇਆ ਸੀ। ਅਲੀ ਆਖਦਾ ਕਰਾਂ ਫਰਿਆਦ ਤੇਰੀ ਮੇਰੇ ਨਾਲ ਤੈਂ ਜ਼ੁਲਮ ਕਮਾਇਆ ਸੀ। ਅਕਬਰ ਬਾਦਸ਼ਾਹ ਨੂੰ ਨਹੀਂ ਜਾਣਦਾ ਤੂੰ ਬਾਪ ਦਾਦਾ ਤੇਰਾ ਜਿਨ ਮਾਰ ਮੁਕਾਇਆ ਸੀ। ਕਿਸ਼ਨ ਸਿੰਘ ਜਾ ਇਤਨੀ ਗਲ ਆਖੀ ਧਕੋ ਮਾਰ ਕੇ ਘਰੋਂ ਕਢਾਇਆ ਸੀ।
ਅਲੀ ਸੌਦਾਗਰ ਨੇ ਦੁਲੇ ਨੂੰ ਬਾਦਸ਼ਾਹ ਦਾ ਡਰ ਦੇਣਾ॥ ਕੋਰੜਾ ਛੰਦ ॥
ਅਲੀ ਕਹੇ ਦੁਲਿਆ ਤੂੰ ਹੋਸ਼ ਕਰ ਓਇ। ਦਿਲ ਵਿਚ ਸ਼ਾਹ ਦਾ ਖਿਆਲ ਕਰ ਓਏ। ਬਾਪ ਦਾਦਾ ਜਿਸ ਤਰ੍ਹਾਂ ਹੈਸੀ ਵਢਿਆ। ਅਕਬਰ ਸ਼ਾਹ ਨੂੰ ਤੂੰ ਭੁਲਾਏ ਛਡਿਆ। ਚੰਗੀ ਜੇ ਤੂੰ ਕਰੇਂ ਸਾਡੇ ਘੋੜੇ ਛੋਡ ਦੇ।