ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮਕਾਨ ਵਿਚ ਚਲੀ ਗਈ ਹੈ। ਪਰ ਹਾਇ! ਜਿਸ ਵੇਲੇ ਮੈਂ ਉਸ ਮਕਾਨ ਵਿਚ ਜਾ ਕੇ ਭੈਣ ਬਦਲੇ ਆਪਣੀ ਇਕ ਟਹਿਲਣ ਵੇਖੀ ਤਾਂ ਮੇਰਾਂ ਸਾਰਾ ਸਰੀਰ ਮੁੜ੍ਹਕੇ ਨਾਲ ਤਰ ਹੋ ਗਿਆ। ਮੈਂ ਇਸ ਗੱਲ ਉੱਪਰ ਬਹੁਤ ਪਛਤਾਈ। ਪਰ ਜਦ ਡਾਕ ਘਰ ਵਿਚ ਆ ਵੜੇ ਤਾਂ ਉਨ੍ਹਾਂ ਨੂੰ ਖ਼ਬਰ ਲੱਗਣ ਦੇ ਡਰ ਕਰਕੇ ਪੌੜੀ ਤੋੜ ਦਿਤੀ ਗਈ। ਮੈਂ ਦੋ ਤਿੰਨ ਵਾਰੀ ਪੌੜੀ ਲਾ ਕੇ ਏਧਰੋਂ ਭੈਣ ਨੂੰ ਕੱਢ ਲੈ ਜਾਣ ਦਾ ਜਤਨ ਭੀ ਕੀਤਾ, ਪਰ ਲੋਕਾਂ ਨੇ ਮੈਨੂੰ ਆਉਣ ਨਾ ਦਿਤਾ। ਹਾਇ! ਮੈਂ ਕੇਹਾ ਘੋਰ ਅਨਰਥ ਕੀਤਾ ਹੈ, ਮੈਂ ਹੀ ਤੁਹਾਡੇ ਏਨੇ ਕਸ਼ਟ ਦਾ ਕਾਰਣ ਹਾਂ। ਸਵਾਮੀ ਜੀ, ਮੈਥੋਂ ਵੱਡਾ ਭਾਰੀ ਅਪਰਾਧ ਹੋਇਆ ਹੈ ਮੈਂ ਇਸਦੇ ਲਈ ਦੰਡ ਦੀ ਅਧਿਕਾਰਣੀ ਹਾਂ? ਆਪ ਦੁਖੀ ਨਾ ਹੋਵੇ, ਆਪ ਦੇ ਅਰੋਗ ਹੋਣ ਪਰ ਮੈਂ ਹੀ ਜਾਵਾਂਗੀ ਅਤੇ ਮੈਂ ਹੀ ਭੈਣ ਦੀ ਖੋਜ ਕੱਢ ਕੇ ਸੱਚੀ ਬੀਰ ਨਾਰੀ ਬਣਨ ਦਾ ਜਤਨ ਕਰਾਂਗੀ।"

"ਹੈਂ ਅਨੰਦੀ! ਕੀ ਤੂੰ ਉਸ ਵੇਲੇ ਭੈਣ ਦੇ ਵਾਸਤੇ ਏਡਾ ਜਤਨ ਕੀਤਾ ਸੀ? ਮੈਂ ਇਹ ਗੱਲ ਨਹੀਂ ਜਾਣਦਾ ਸਾਂ, ਇਸੇ ਕਰਕੇ ਤਾਂ ਮੇਰਾ ਹਿਰਦਾ ਦੁਖੀ ਸੀ। ਮੈਂ ਸਮਝਦਾ ਸਾਂ ਕਿ ਤੇਰੀ ਭੁੱਲ ਨਾਲ ਅਜਿਹੀ ਵਾਰਦਾਤ ਹੋਈ ਹੈ, ਇਸੇ ਦੁੱਖ਼ ਕਰਕੇ ਮੈਂ ਦੁਖੀ ਸਾਂ। ਹੁਣ ਮੇਰਾ ਸੰਸਾ ਨਿਵਿਰਤ ਹੋ ਗਿਆ ਹੈ, ਇਸ ਵਿਚ ਤੇਰਾ ਕੋਈ ਅਪਰਾਧ ਨਹੀਂ। ਹੁਣ ਤੂੰ ਦੁਖੀ ਨਾ ਹੋ, ਅਤੇ ਨਾ ਮੇਰੇ ਲਈ ਹੁਣ ਕੋਈ ਵਿਸ਼ੇਸ਼ ਦੁਖੀ ਹੋਣ ਦਾ ਕਾਰਣ ਹੀ ਹੈ। ਹੁਣ ਮੈਨੂੰ ਵਾਹਿਗੁਰੂ ਛੇਤੀ ਅਰਾਮ ਕਰ ਦੇਵੋ, ਇਹ ਪ੍ਰਾਰਥਨਾ ਹੈ, ਅਰੋਗ ਹੁੰਦਿਆਂ ਹੀ ਮੈਂ ਛੇਤੀ ਇਥੋਂ ਕੂਚ ਕਰਾਂਗਾ ਅਤੇ ਜਿੱਥੋਂ ਤੱਕ ਮੇਰੇ ਸਰੀਰ ਵਿੱਚ ਪ੍ਰਾਣ ਰਹਿਣਗੇ, ਮੈਂ ਭੈਣ ਦੀ ਭਾਲ ਕਰਾਂਗਾ, ਉਸ ਦੇ ਮਿਲ ਜਾਣ ਨਾਲ ਹੀ ਮੈਨੂੰ ਸ਼ਾਂਤੀ ਆਵੇਗੀ। ਹੁਣ ਮੈਂ ਅਰੋਗ ਹੋ ਜਾਵਾਂਗਾ। ਹੇ ਵਾਹਿਗੁਰੂ! ਉਸ ਪਤਿਬ੍ਰਤਾ ਦੇ ਦਰਸ਼ਨ ਕਰਾ ਕੇ ਮੇਰਾ ਦੁਖ ਦੂਰ ਕਰ।"

ਸਰਦਾਰ ਜਗਜੀਵਨ ਸਿੰਘ ਦੇ ਮਨ ਦਾ ਬੋਝ ਕੁਝ ਹਲਕਾ ਹੋਣ ਨਾਲ ਹੀ ਵੈਦਾਂ ਦੀ ਦਵਾਈ ਨੇ ਅਸਰ ਕੀਤਾ। ਹੌਲੀ ਹੌਲੀ ਕਮਜ਼ੋਰੀ ਦੂਰ ਹੋ ਕੇ ਸਰਦਾਰ ਹੁਰਾਂ ਦੇ ਸਰੀਰ ਵਿਚ ਸ਼ਕਤੀ ਆਉਣ ਲੱਗੀ। ਜਦ ਚੰਗੀ ਤਰ੍ਹਾਂ ਅਰੋਗ ਹੋ ਗਏ ਤਾਂ ਅਨੰਦ ਕੌਰ ਭੀ ਉਨ੍ਹਾਂ ਦੇ ਨਾਲ ਜਾਣ ਲਈ ਤਿਆਰ ਹੋਈ,

129