ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸੁੰਦਰਤਾ ਵੱਲ ਉਸ ਦੀ ਮਲੀਨ ਬੁੱਧੀ ਖਿੱਚੀ ਗਈ। ਪਿਉ ਦੀ ਇੱਜ਼ਤ ਨੂੰ ਤਿਆਗ ਉਸ ਨੇ ਸਰੂਪ ਕੌਰ ਨੂੰ ਛੇੜਣਾ ਚਾਹਿਆ। ਉਹ ਹਰ ਵੇਲੇ ਮੌਕੇ ਦੀ ਤਲਾਸ਼ ਕਰਨ ਲੱਗਾ ਤਾਂਕਿ ਉਸ ਨੂੰ ਬੁਲਾ ਸਕੇ। ਇਕ ਦਿਨ ਉਸ ਨੇ ਸਰੂਪ ਕੌਰ ਨੂੰ ਇਕਾਂਤ ਵਿਚ ਬੈਠੀ ਵੇਖ ਕੇ ਕੁਝ ਇਸ਼ਾਰਾ ਕੀਤਾ, ਪਰ ਸਰੂਪ ਕੌਰ ਨੇ ਜਾਣ ਬੁੱਝ ਕੇ ਉਸ ਦੀ ਤਰਫ ਖ਼ਿਆਲ ਨਾ ਕੀਤਾ, ਇਸ ਲਈ ਕਿਸ਼ੋਰੀ ਲਾਲ ਦੀ ਹਿੰਮਤ ਹੋਰ ਭੀ ਵੱਧ ਗਈ ਅਤੇ ਉਸ ਦੇ ਮੂੰਹ ਵਿਚੋਂ ਲਾਲਾਂ ਡਿੱਗ ਪਈਆਂ। ਕਾਮਾਧ ਕਿਸ਼ੋਰੀ ਲਾਲ ਹੌਲੇ ਹੌਲੇ ਸਰੂਪ ਕੌਰ ਦੇ ਪਾਸ ਚਲਿਆ ਗਿਆ ਅਤੇ ਹੱਸ ਕੇ ਆਖਣ ਲੱਗਾ:_

"ਪਿਆਰੀ ਜਾਨ! ਤੈਨੂੰ ਏਡੀ ਭਾਰੀ ਮਿਹਨਤ ਕਰਦਿਆਂ ਵੇਖ ਕੇ ਮੈਨੂੰ ਬਹੁਤ ਤਰਸ ਆਉਂਦਾ ਹੈ।" ਇਹ ਕਹਿੰਦੇ ਹੀ ਉਸ ਦੇ ਮੂੰਹ ਵਿਚੋਂ ਲਾਲਾਂ ਵਗ ਪਈਆਂ। ਉਸ ਨੇ ਰੁਮਾਲ ਨਾਲ ਮੂੰਹ ਪੂੰਝ ਕੇ ਫੇਰ ਕਿਹਾ—"ਤੇਰੇ ਇਹ ਫੁਲ ਵਰਗੇ ਨਰਮ ਹੱਥ ਖੂਹ ਤੋਂ ਪਾਣੀ ਖਿੱਚ ਲਿਆਉਣ ਵਾਲੇ ਨਹੀਂ ਹਨ। ਤੇਰੇ ਇਹ ਸੁੰਦਰ ਹੱਥ ਭਾਂਡੇ ਮਾਂਜ ਮਾਂਜ ਕਾਲੇ ਕਰਨ ਵਾਸਤੇ ਨਹੀਂ ਹਨ। ਤੈਨੂੰ ਇਸ ਦੁੱਖ਼ ਵਿਚ ਦੇਖ ਕੇ ਮੇਰਾ ਕਾਲਜਾ ਦਿਨ ਰਾਤ ਸੜਦਾ ਰਹਿੰਦਾ ਹੈ। ਪਿਆਰੀ! ਤੂੰ ਜ਼ਰਾ ਮੇਰੀ ਵੱਲ ਨਜ਼ਰ ਤਾਂ ਕਰ, ਤੂੰ ਇਹ ਦੁੱਖ ਭੋਗਣ ਦੇ ਜੋਗ ਨਹੀਂ, ਪਿਆਰੀ ਤੂੰ ਦੁੱਖ ਨਾ ਪਾ, ਮੈਂ ਤੈਨੂੰ ਦੁਖੀ ਨਹੀਂ ਦੇਖ ਸਕਦਾ। ਤੂੰ ਮੇਰੇ ਆਖੇ ਲੱਗੇ ਤਾਂ ਮੈਂ ਤੈਨੂੰ ਇਨ੍ਹਾਂ ਦੁੱਖਾਂ ਪਾਸੋਂ ਦੂਰ ਕਰ ਕੇ ਇਕ ਦਿਨ ਵਿਚ ਨਿਹਾਲ ਕਰ ਦਿਆਂ" ਇਹ ਆਖਦੇ ਹੀ ਉਹਦੇ ਮੂੰਹ ਵਿਚੋਂ ਫੇਰ ਇਕ ਢੇਰ ਲਾਲਾਂ ਦਾ ਵਗ ਪਿਆ।

ਵਿਚਾਰੀ ਸਰੂਪ ਕੌਰ ਉਸ ਨੀਚ ਦੀਆਂ ਸਾਰੀਆਂ ਗੱਲਾਂ ਸੁਣਦੀ ਹੋਈ ਆਪਣੇ ਕੰਮ ਵਿਚ ਲੱਗੀ ਰਹੀ। ਉਸ ਨੇ ਨਿਸਚੇ ਕਰ ਲਿਆ ਕਿ ਜੇਕਰ ਇਹ ਬਦਮਾਸ਼ ਕੁਝ ਭੀ ਛੇੜ ਛਾੜ ਕਰੇ ਤਾਂ ਇਸ ਗੜਵੇ ਨਾਲ ਇਸ ਦਾ ਸਿਰ ਭੰਨ ਸੁੱਟਾਂਗੀ। ਇਹ ਮੇਰੀ ਆਦਤ ਨੂੰ ਨਹੀਂ ਜਾਣਦਾ, ਮੈਂ ਉਸ ਰਾਖ਼ਸ਼ ਵਰਗੇ ਥਾਣੇਦਾਰ ਦੇ ਜਦ ਦੰਦ ਖੱਟੇ ਕਰ ਚੁਕੀ ਹਾਂ, ਤਾਂ ਇਸ ਛੋਕਰੋ ਪਾਸੋਂ ਮੈਂ ਕੀ ਡਰਨਾ ਹੈ? ਇਸ ਤਰ੍ਹਾਂ ਸਰੂਪ ਕੌਰ ਨੇ ਜਦ ਆਪਣੇ ਮਨ ਵਿਚ ਪ੍ਰਣ ਕਰ ਲਿਆ ਸੀ ਤਾਂ ਏਨੇ ਵਿਚ ਫੇਰ ਉਹ ਬੋਲਿਆ:–

154