ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦੰਪਤੀ ਪਿਆਰ ਕਾਮ ਨਾਲ ਅੰਨ੍ਹਾ ਹੋ ਰਿਹਾ ਸੀ। ਉਸ ਨੇ ਸਰੂਪ ਕੌਰ ਦੇ ਮੂੰਹ ਫਿਟਕਾਰਨ ਦਾ ਕੁਝ ਹੋਰ ਹੀ ਮਤਲਬ ਸਮਝਿਆ। ਇਹ ਖ਼ਿਆਲ ਕਰ ਕੇ ਜਿਉਂ ਹਿੰਮਤ ਕਰਕੇ ਸਰੂਪ ਕੌਰ ਦਾ ਪੱਲਾ ਫੜਨ ਦੀ ਕੀਤੀ ਤਾਂ ਉਹ ਉੱਚੀ ਉੱਚੀ ਕੂਕ ਉਠੀ– ‘ਕੋਈ ਮੈਨੂੰ ਬਚਾਵੇ ਹਾਇ! ਮੈਨੂੰ ਬਚਾਵੇ ਕੋਈ! ਇਹ ਪਾਪੀ ਮੈਨੂੰ ਮਾਰਦਾ ਹੈ।' ਇਸ ਤਰ੍ਹਾਂ ਦੀ ਹਾਲ ਦੁਹਾਈ ਜਦ ਉਹਨੇ ਪਾਈ ਤਾਂ ਉਸ ਵੇਲੇ ਬਾਬੂ ਦੇਵੀ ਸਹਾਇ ਹੁਰੀਂ ਵੀ ਆਪਣੇ ਕਮਰੇ ਵਿਚ ਬੈਠੇ ਹੋਏ ਇਕ ਮਨੁੱਖ ਨਾਲ ਗੱਲ ਬਾਤ ਕਰ ਰਹੇ ਸਨ। ਬਾਬੂ ਹੁਰੀਂ ਤਾਂ ਸਰੂਪ ਕੌਰ ਦੀ ਹਾਲ-ਦੁਹਾਈ ਨਾ ਸੁਣ ਸਕੇ ਕਿਉਂਕਿ ਉਹ ਗੱਲਾਂ ਵਿਚ ਮਸ਼ਗ਼ੂਲ ਸਨ, ਪਰ ਪਾਸ ਬੈਠੇ ਹੋਏ ਆਦਮੀ ਨੇ ਸੁਣ ਪਾਈ। ਉਸ ਨੇ ਇਨਸਪੈਕਟਰ ਸਾਹਿਬ ਨੂੰ ਕਿਹਾ–'ਬਾਬੂ ਜੀ ਰਤਾ ਸੁਣੋ ਤਾਂ ਸਹੀਂ, ਤੁਹਾਡੇ ਘਰ ਵਿਚ ਕੌਣ ਹਾਲ-ਦੁਹਾਈ ਪਾ ਰਿਹਾ ਹੈ? ਕੀ ਗੱਲ ਹੈ ਜ਼ਰਾ ਜਾ ਕੇ ਤਾਂ ਵੇਖੋ? ਬਾਬੂ ਹੁਰੀਂ ਇਹ ਸੁਣਦਿਆਂ ਹੀ ਝੱਟ ਚੌਂਕ ਉੰਠੇ ਅਤੇ ਦਬੇ ਪੈਰੀਂ ਹਵੇਲੀ ਵਿਚ ਗਏ। ਖੂਹ ਪੁਰ ਦੇਖਦੇ ਹਨ ਤਾਂ ਆਪਣਾ ਪੁੱਤਰ ਕਿਸ਼ੋਰੀ ਲਾਲ ਸਰੂਪ ਕੌਰ ਦਾ ਪੱਲਾ ਫੜ ਕੇ ਖੜਾ ਹੈ ਅਤੇ ਉਹ ਮੂੰਹ ਫੇਰ ਕੇ ਕੁਝ ਬੁੜ ਬੁੜ ਕਰ ਰਹੀ ਹੈ। ਲਾਲਾ ਕਿਸ਼ੋਰੀ ਲਾਲ ਉਸ ਨੂੰ ਆਖ ਰਿਹਾ ਹੈ– "ਮਾਣ ਨਾ ਕਰ, ਜ਼ਰਾ ਮੇਰੀ ਵੱਲ ਹੱਸ ਕੇ ਤਾਂ ਵੇਖ ਲੈ! ਮੈਂ ਤੇਰੇ ਪਿੱਛੇ ਤੜਫ ਤੜਫ ਕੇ ਮਰ ਰਿਹਾ ਹਾਂ।”

ਪੁੱਤਰ ਦੀ ਇਹ ਗੱਲ ਸੁਣਦਿਆਂ ਹੀ ਇਨਸਪੈਕਟਰ ਸਾਹਿਬ ਉੱਬਲ ਪਏ। ਉਨ੍ਹਾਂ ਨੇ ਇਕ ਡੰਡਾ ਫੜ ਲਿਆ ਅਤੇ ਦੋ ਤਿੰਨ ਪੁੱਤਰ ਦੀ ਪਿੱਠ ਉੱਪਰ ਠੋਕ ਦਿਤੇ, "ਕਿਉਂ ਉਏ ਸ਼ੈਤਾਨ! ਕੀ ਤੂੰ ਮੈਨੂੰ ਕਲੰਕ ਲਾਉਣ ਲਈ ਮੇਰੇ ਘਰ ਵਿਚ ਪੈਦਾ ਹੋਇਆ ਹੈਂ? ਬਦਮਾਸ਼ ! ਕਮਜ਼ਾਤ! ਤੈਂ ਕੀ ਸਮਝ ਰਖਿਆਹੈ? ਜਾਣਦਾ ਨਹੀਂ ਆਪਣੇ ਰਾਜੇ ਦਾ ਕੀ ਸੁਭਾਾਵ ਹੈ? ਜੇਕਰ ਥੋੜੀ ਜੇਹੀ ਭੀ ਭਿਣਕ ਉਸ ਦੇ ਕੰਨੀਂ ਜਾ ਪਈ ਤਾਂ ਤੈਨੂੰ ਹਾਥੀ ਦੇ ਪੈਰ ਨਾਲ ਬੰਨ੍ਹਵਾ ਕੇ ਉਸੇ ਵੇਲੇ ਮਰਵਾ ਸੁਟੇਗਾ! ਚੰਡਾਲ! ਰਾਖ਼ਸ਼! ਬੇਸ਼ਹੂਰ! ਮੇਰੇ ਘਰੋਂ ਨਿਕਲ ਜਾਹ!ਹਾ ਹਾਂ! ਰਾਜਾ ਸਾਹਿਬ ਨੂੰ ਜੇਕਰ ਖ਼ਬਰ ਹੋ ਗਈ ਤਾਂ ਉਨ੍ਹਾਂ ਪਾਸ ਮੈਂ ਕੀ ਮੂੰਹ ਲੈ ਕੇ ਜਾਵਾਂਗਾ? ਲੋਕੀ ਕੀ ਆਖਣਗੇ ਕਿ ਇਸ ਦਾ ਪੁੱਤਰ ਅਜਿਹਾ ਬਦਮਾਸ਼ ਹੈ?" ਇਹ ਆਖ ਕੇ ਉਹਨਾਂ ਨੇ ਫੇਰ ਦੋ ਤਿੰਨ ਡੰਡੇ ਜਮਾਏ! ਹੋਰ

156