ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਤੇ ਮੋਰ ਛਲ ਦੀਆਂ ਟੋਪੀਆਂ ਸਨ, ਦੋਹਾਂ ਦੀਆਂ ਬਗ਼ਲਾਂ ਵਿਚ ਝੋਲੀਆਂ ਸਨ ਅਤੇ ਹੱਥਾਂ ਵਿਚ ਛੈਣੇ ਡਫੜੀ ਲਈ ਵੱਡੇ ਪ੍ਰੇਮ ਨਾਲ ਗਾ ਰਹੇ ਸਨ:—

"ਬੰਸੀ ਬਜਾਵੈ ਮੋਰਾ ਕਾਨ੍ਹ ਬਨ ਮੇਂ,
ਬੰਸੀ ਬਜਾਵੈ ਮੇਰਾ ਕਾਨ੍ਹ
ਗੁਆਲ ਬਾਲ ਅਰ ਗੋਪੀ ਜਨ ਸਬ
ਨਾਚਤ ਕਰ ਕਰ ਗਾਨ। ਬਨ ਮੇਂ
ਬੰਸੀ ਬਜਾਵੈ ਮੇਰਾ ਕਾਨ੍ਹ ।"

ਇਸ ਤਰ੍ਹਾਂ ਜਦ ਗਾ ਚੁਕੇ ਤਾਂ ਪਾਸ ਹੀ ਖੂਹ ਵੇਖ ਕੇ ਉਨ੍ਹਾਂ ਰੋਟੀ ਪਾਣੀ ਦਾ ਫਿਕਰ ਕੀਤਾ। ਇਕ ਆਦਮੀ ਤਾਂ ਖੂਹ ਉਪਰੋਂ ਪਾਣੀ ਭਰਨ ਗਿਆ, ਅਤੇ ਤਿੰਨ ਜਣੇ ਅੱਗ ਵਾਸਤੇ ਲੱਕੜੀਆਂ ਇਕੱਠੀਆਂ ਕਰਨ ਲੱਗੇ। ਜਦ ਚੌਥੇ ਨੇ ਖੂਹ ਉੱਪਰ ਜਾ ਕੇ ਆਪਣਾ ਗੜਵਾ ਲਮਕਾਇਆ ਤਾਂ ਉਹ ਖਿੱਚਦੀ ਵੇਰੀ ਅਟਕ ਗਿਆ। ਉਸ ਦੇ ਅਟਕ ਜਾਣ ਕਰ ਕੇ ਉਸ ਨੇ ਖੂਹ ਵਿਚ ਝਾਤ ਪਾਈ ਤਾਂ ਉਸ ਨੂੰ ਇਕ ਆਦਮੀ ਨਜ਼ਰ ਆਇਆ। ਦੇਖਦਿਆਂ ਹੀ ਉਹ ਅਜੇਹਾ ਡਰਿਆ ਕਿ ਉਸ ਦਾ ਸਰੀਰ ਮਾਰੇ ਡਰ ਦੇ ਥਰ ਥਰ ਕੰਬਣ ਲੱਗਾ। ਇਕ ਵਾਰੀ ਉਸ ਨੇ ਆਪਣੇ ਸਾਥੀਆਂ ਨੂੰ ਖ਼ਬਰ ਵੀ ਕਰਨੀ ਚਾਹੀ, ਪਰ ਮਾਰੇ ਡਰ ਦੇ ਉਸ ਦੇ ਮੂੰਹੋਂ ਇਕ ਅੱਖਰ ਭੀ ਪੂਰਾ ਨ ਨਿਕਲ ਸਕਿਆ। ਖੂਹ ਦੇ ਪਾਸ ਡਿੱਗਦਿਆਂ ਡਿੱਗਦਿਆਂ ਉਸ ਦੇ ਮੂੰਹੋਂ ਸਿਰਫ ਭੂ...ਤ... ਹੈ...ਭੂ...ਊ...ਤ ਇੰਨੇ ਅੱਖਰ ਨਿਕਲੇ। ਪਰ ਬਹੁਤ ਹੌਲੀ ਅਤੇ ਮੁਸ਼ਕਲ ਨਾਲ। ਚੰਗਾ ਹੋਇਆ ਜੋ ਉਸ ਦੇ ਸਾਥੀ ਉਸ ਦੇ "ਭੂਤ" ਇਹ ਦੋ ਅੱਖਰ ਨਾ ਸੁਣ ਸਕੇ। ਜੇਕਰ ਉਹ ਭੂਤ ਸੁਣ ਲੈਂਦੇ ਤਾਂ ਉਸ ਨੂੰ ਉਥੇ ਹੀ ਛੱਡ ਕੇ ਨੱਠ ਜਾਂਦੇ। ਸਿਰਫ਼ ਉਸ ਨੂੰ ਖੂਹ ਦੇ ਖਾਸ ਡਿੱਗਦਾ ਹੋਇਆ ਡਿੱਠਾ ਅਤੇ ਤਿੰਨੇ ਜਣੇ ਦੌੜੇ ਆਏ। ਉਸ ਨੂੰ ਬੇਹੋਸ਼ ਵੇਖ ਕੇ, ਪਾਣੀ ਉਸ ਦੇ ਮੂੰਹ ਉੱਪਰ ਛਿੜਕਿਆ, ਉਸ ਨੇ ਅੱਖਾਂ ਖੋਲ੍ਹੀਆਂ। ਤੇਹਾਂ ਨੇ ਉਸ ਕੋਲੋਂ ਪੁੱਛਿਆ:—

"ਅਬੇ ਤੂ ਗਿਰ ਕੈਸੇ ਗਇਓ? ਤੋਹਿ ਖਾਵਾ ਕੌਨ ਆਵਤ ਆਵਤ ਹੋਤ, ਜੋ ਤੂੰ ਪਾਨੀ ਭਰਤ ਗਿਰ ਗਇਓ?"

"ਖਾਏ ਕੌਨ ਜਾਤ ਹੋਵੇ? ਅਵੈ ਕੂਆ ਮੈਂ ਭੂਤ ਹੈ ਭੂਤ!"

171