ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਖੋਲ੍ਹੀਆਂ ਤਾਂ ਉਥੇ ਭੂਤ ਪਰੇਤ ਕਿਸੇ ਦਾ ਨਾਮ ਨਿਸ਼ਾਨ ਭੀ ਨਜ਼ਰ ਨਾ ਆਇਆ। ਉਹਨਾਂ ਦੇ ਗੁੰਮ ਹੁੰਦਿਆਂ ਹੀ ਉਸ ਨੇ ਹਿੰਮਤ ਪਕੜੀ। ਉੱਠ ਕੇ ਆਪਣਾ ਮਨ ਕਰੜਾ ਕੀਤਾ ਅਤੇ ਸਾਹਮਣੇ ਬਿਰਛ ਦੇ ਓਹਲੇ ਜਾ ਖੜਾ ਹੋਇਆ। ਕੀ ਦੇਖਦਾ ਹੈ ਕਿ ਇਕ ਨਾਂਗਾ ਸਾਧੂ ਬਭੂਤ ਰਮਾਈ ਉਸ ਅੱਗ ਦੇ ਪਾਸ ਬੈਠਾ ਹੈ। ਉਸ ਦੇ ਸਾਹਮਣੇ ਇਕ ਦਸ ਬਾਰਾਂ ਵਰ੍ਹੇ ਦਾ ਲੜਕਾ ਬੈਠਾ ਹੋਇਆ ਹੈ। ਉਸ ਦੀ ਮਿੱਠੀ ਮਿੱਠੀ ਨਿੱਕੀ ਅਵਾਜ਼ ਅਤੇ ਸਰੀਰ ਦੇ ਢਾਂਚੇ ਤੋਂ ਇਹੋ ਮਲੂਮ ਹੁੰਦਾ ਹੈ ਕਿ ਉਸ ਦੀ ਉਮਰ ਦਸ ਬਾਰਾਂ ਵਰ੍ਹੇ ਤੋਂ ਵੱਧ ਨਹੀਂ ਪਰ ਉਸ ਦੇ ਮੂੰਹ ਦੀ ਚਿੱਟੀ ਦਾੜ੍ਹੀ ਅਤੇ ਮੁੱਛਾਂ ਇਹ ਦੱਸਦੀਆਂ ਹਨ ਕਿ ਇਹ ਅਠੱਤਰ ਕੁ ਵਰ੍ਹੇ ਦਾ ਵੌਣਾ ਹੈ। ਇਸ ਵੌਣੇ ਨੇ ਭੀ ਸਾਰੇ ਸਰੀਰ ਉੱਪਰ ਰਾਖ ਮਲੀ ਹੋਈ ਹੈ। ਸਾਧੂ ਧੂਣੀ ਤਪਾ ਰਿਹਾ ਹੈ ਅਤੇ ਵੌਣਾ ਲਕੜੀਆਂ ਚੁੱਕ ਚੁੱਕ ਅੱਗ ਵਿਚ ਪਾ ਰਿਹਾ ਹੈ। ਜਿਸ ਵੇਲੇ ਉਹ ਜ਼ਰਾ ਭੀ ਲੱਕੜੀ ਅੱਗ ਵਿਚ ਪਾਉਣੋਂ ਦੇਰ ਕਰਦਾ ਹੈ ਤਾਂ ਬਾਵਾ ਜੀ ਝਿੜਕ ਕੇ ਅਜਿਹੀ ਚਪੇੜ ਖਿੱਚ ਕੇ ਮਾਰਦੇ ਹਨ ਕਿ ਉਹ ਰੌਣ ਅਤੇ ਚੀਕਣ ਲੱਗ ਜਾਂਦਾ ਹੈ। ਉਸ ਦੀ ਚਿਚਲਾਹਟ ਕਦੋਂ ਕਦੇ ਅਜੇਹੀ ਜ਼ੋਰ ਦੀ ਹੁੰਦੀ ਹੈ ਜਿਸ ਨਾਲ ਸਾਰੇ ਜੰਗਲ ਦਾ ਸੱਨਾਟਾ ਇਕ ਦਮ ਭੰਗ ਹੋ ਜਾਂਦਾ ਹੈ। ਜਦ ਬਾਬਾ ਜੀ ਗਰਮ ਚਿਮਟੇ ਦਾ ਉਸ ਨੂੰ ਡਰ ਦੇਂਦੇ ਹਨ ਤਾਂ ਵਿਚਾਰਾ ਚੁਪਚਾਪ ਹੰਝੂ ਕੇਰਨ ਲੱਗਦਾ ਹੈ। ਇਹ ਤਮਾਸ਼ਾ ਵੇਖ ਕੇ ਉਸ ਲੁਕੇ ਹੋਏ ਮਨੁੱਖ ਨੇ ਜਾਣ ਲਿਆ ਕਿ ਜਿਸ ਗਾਣ ਅਤੇ ਰੋਣ ਨਾਲ ਮੇਰੇ ਮਨ ਵਿਚ ਡਰ ਬੈਠ ਗਿਆ ਸੀ ਅਤੇ ਅੱਖਾਂ ਦੇ ਸਾਹਮਣੇ ਭੂਤ ਨੱਚਣ ਲੱਗੇ ਸਨ, ਉਹ ਕੇਵਲ ਮਨ ਦਾ ਹੀ ਭਰਮ ਸੀ। ਮੇਰੇ ਕਲੇਜੇ ਨੂੰ ਖ਼ੌਫ਼ ਨੇ ਏਨਾ ਦਬਾ ਲਿਆ ਸੀ ਕਿ ਮੈਂ ਸੈਂਕੜੇ ਤਰ੍ਹਾਂ ਦੇ ਤਮਾਸ਼ੇ ਵੇਖਣ ਲੱਗ ਪਿਆ। ਇਸ ਤਰ੍ਹਾਂ ਮਨ ਨੂੰ ਹੌਂਸਲਾ ਆਉਂਦਿਆਂ ਹੀ ਉਸ ਮਨੁੱਖ ਨੇ ਉਸ ਵੌਣੇ ਨੂੰ ਖ਼ੂਬ ਚੰਗੀ ਤਰ੍ਹਾਂ ਡਿੱਠਾ ਅਤੇ ਮਨ ਵਿਚ ਕਿਹਾ:—

"ਹੋਵੇ ਨਹੀਂ, ਇਹ ਲੜਕਾ ਮਲੂਮ ਤਾਂ ਉਹੋ ਹੁੰਦਾ ਹੈ। ਹਾਂ, ਹੈ ਤਾਂ ਉਹੋ, ਪਰ ਉਸ ਨੂੰ ਦਾੜ੍ਹੀ ਮੁਛਾਂ ਕਿੱਥੋਂ ਲੱਗ ਗਈਆਂ? ਨਹੀਂ, ਉਹ ਨਹੀਂ ਹੋਣਾ। ਮੈਂ ਐਵੇਂ ਭਰਮ ਵਿਚ ਪੈ ਗਿਆ ਹਾਂ, ਪਰ ਖ਼ੁਦਾ ਜਾਣੇ ਮੇਰਾ ਭਰਮ ਸੱਚਾ ਹੈ ਕਿ ਝੂਠਾ! ਚਲੋ ਇਹ ਕੋਈ ਵੌਣਾ ਹੋਵੇਗਾ, ਲੜਕਾ ਨਹੀਂ, ਪਰ ਇਸ ਫ਼ਕੀਰ ਨੇ ਕੁਝ ਫ਼ਰੇਬ ਹੀ ਕੀਤਾ ਹੋਇਆ ਹੋਵੇ ਤਾਂ ਕੀ ਅਚਰਜ ਹੈ! ਅੱਜ ਕੱਲ ਸੱਚਾ

209