ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਭੇਦ ਦੱਸਣਾ ਚਾਹਿਆ ਕਿ ਬਾਵਾ ਜੀ ਨੇ ਲਾਲ ਲਾਲ ਅੱਖਾਂ ਕਰਕੇ ਉਸ ਲੜਕੇ ਨੂੰ ਅਜਿਹੀ ਘੁਰਕੀ ਦਿੱਤੀ ਕਿ ਉਸ ਦਾ ਕਲੇਜਾ ਥਰ ਥਰ ਕਰਨ ਲੱਗਾ। ਬਾਵੇ ਦੀ ਘੁਰਕੀ ਅਤੇ ਲੜਕੇ ਦਾ ਭਾਵ ਦੇਖ ਕੇ ਉਸ ਮਨੁੱਖ ਦਾ ਸਾਰਾ ਸ਼ੱਕ ਮਿਟ ਗਿਆ। ਉਸ ਨੇ ਲੜਕੇ ਦਾ ਹੱਥ ਫੜ ਕੇ ਉਸ ਨੂੰ ਖੜਾ ਕਰ ਲਿਆ ਅਤੇ ਤੁਰਨ ਲੱਗਾ। ਲੜਕਾ ਵੀ ਤੁਰ ਪਿਆ। ਇਹ ਦੇਖ ਕੇ ਬਾਵੇ ਹੁਰੀਂ ਹੱਕੇ- ਬੱਕੇ ਰਹਿ ਗਏ, ਉਸ ਨੇ ਸਮਝ ਲਿਆ ਕਿ ਮੈਂ ਇਕੱਲਾ ਤਾਂ ਇਸ ਮਨੁੱਖ ਨੂੰ ਕੁਝ ਕਰ ਨਹੀਂ ਸਕਦਾ, ਇਸ ਲਈ ਉਸ ਨੇ ਝੱਟ ਉੱਠ ਕੇ ਉੱਚੀ ਉੱਚੀ "ਆਲੱਖ, ਆਲੱਖ, ਆਲੱਖ" ਦੀ ਆਵਾਜ਼ ਤਿੰਨ ਵੇਰੀ ਕੀਤੀ, ਲੜਕੇ ਦੀ ਬਾਂਹ ਫੜ ਕੇ ਆਪਣੀ ਵੱਲ ਖਿੱਚਿਆ ਅਤੇ ਲਿਜਾਣ ਵਾਲੇ ਨੂੰ ਗਾਲ੍ਹੀਆਂ ਕੱਢਣ ਲੱਗਾ। ਉਸ ਮਨੁੱਖ ਨੂੰ ਗੁੱਸਾ ਜੋ ਆਇਆ ਤਾਂ ਉਸ ਨੇ ਲੜਕੇ ਨੂੰ ਤਾਂ ਛੱਡ ਦਿੱਤਾ ਤੇ ਬਾਵਾ ਜੀ ਨੂੰ ਫੜ ਲਿਆ। ਬੱਸ ਫੇਰ ਕੀ ਸੀ? ਦੋਵੇਂ ਆਪਸ ਵਿਚ ਜੁੱਟ ਗਏ, ਦੇਹ ਮੁਕੇ ਤੇ ਮੁਕੇ। ਖ਼ੂਬ ਮੁਕੇਬਾਜ਼ੀ ਦੋਹਾਂ ਦੀ ਹੋਈ, ਫੇਰ ਲੱਤਮ-ਲੱਤ ਹੋਣ ਲੱਗੀ। ਦਸ ਬਾਰਾਂ ਮਿੰਟ ਨਹੀਂ ਗੁਜ਼ਰ ਸਨ ਕਿ ਪੰਦਰਾਂ ਵੀਹ ਮੁਸ਼ਟੰਡੇ ਦੌੜੇ ਆਏ, ਰਲ ਕੇ ਸਭਨਾਂ ਨੇ ਦੋਹਾਂ ਨੂੰ ਛੁਡਾਇਆ ਅਤੇ ਉਸ ਬਾਵੇ ਪਾਸੋਂ ਲੜਾਈ ਦਾ ਕਾਰਨ ਪੁੱਛਿਆ। ਕਾਰਨ ਸੁਣਦਿਆਂ ਹੀ ਸਭਨਾਂ ਨੇ ਰਲ ਕੇ ਉਸ ਮਨੁੱਖ ਦੀ ਖ਼ੂਬ ਖ਼ਬਰ ਲਈ। ਉਸ ਨੂੰ ਲੱਤਾਂ ਮੁੱਕੇ ਮਾਰ ਕੇ ਅਧਮੋਇਆ ਕਰ ਦਿੱਤਾ। ਜਦ ਦੇਖਿਆ ਕਿ ਇਹ ਹੁਣ ਮਰਨੇ ਦੇ ਲਾਇਕ ਹੋ ਗਿਆ ਹੈ, ਤਾਂ ਚੁੱਕ ਕੇ ਇਕ ਬ੍ਰਿਛ ਦੇ ਨਾਲ ਉਸ ਨੂੰ ਬੰਨ੍ਹ ਦਿੱਤਾ। ਅਜਿਹਾ ਜਕੜ ਕੇ ਬੰਨ੍ਹਿਆਂ ਜੋ ਆਪਣੇ ਆਪ ਕਦੇ ਨਾ ਛੁੱਟ ਜਾਵੇ। ਇੰਨੀ ਦਇਆ ਕੀਤੀ ਜੋ ਉਸਨੂੰ ਜਾਨੋਂ ਨਾ ਮਾਰਿਆ। ਬੱਸ ਉਸ ਨੂੰ ਬੰਨ੍ਹ ਕੇ ਸਾਰੇ ਜਣੇ ਪੱਤ੍ਰਾ ਹੋਏ। ਉਸ ਲੜਕੇ ਅਤੇ ਬਾਵੋ ਦੋਹਾਂ ਨੂੰ ਨਾਲ ਲੈ ਗਏ, ਜਾਂਦੇ ਅੱਗ ਭੀ ਬੁਝਾ ਗਏ।

212