ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਰਾਤ ਵਾਲੀ ਥਾਂ ਜਾ ਕੇ ਉਹਨਾਂ ਸਾਧਾਂ ਦਾ ਖੁਰਾ ਫੜਿਆ ਤੇ ਉਸ ਦੇ ਪਿੱਛੇ ਪਿੱਛੇ ਚਲਿਆ ਗਿਆ। ਤੇਰਾ ਚੌਦਾਂ ਮੀਲ ਜੰਗਲੇ ਜੰਗਲ ਜਦ ਨਿਕਲ ਗਿਆ ਤਾਂ ਦੂਰੋਂ ਉਸ ਨੂੰ ਉਹ ਸਾਧੂ ਨਜ਼ਰ ਆਏ। ਉਹਨਾਂ ਨੂੰ ਦੇਖਦਾ ਹੀ ਘੋੜੇ ਤੋਂ ਉਤਰ ਪਿਆ ਅਤੇ ਵਾਗ ਹੱਥ ਫੜ ਕੇ ਉਨ੍ਹਾਂ ਦੇ ਪਾਸ ਗਿਆ। ਉਸ ਘੋੜੇ ਨੂੰ ਤਾਂ ਇਕ ਬਿਰਛ ਨਾਲ ਬੰਨ੍ਹ ਦਿੱਤਾ ਅਤੇ ਆਪ "ਜੈ ਗੁਰੂ ਗੋਰਖ ਨਾਥ ਕੀ" ਆਖ ਕੇ ਉਹਨਾਂ ਸਭਨਾਂ ਸੰਤਾਂ ਨੂੰ ਡੰਡਉਤ ਕੀਤੀ। ਉਸ ਨੇ ਆਪਣੇ ਦਿੱਤੇ ਅਤੇ ਕੀਮਤੀ ਕਪੜੇ ਮਿੱਟੀ ਵਿਚ ਲਿੱਬੜ ਜਾਣ ਦੀ ਕੁਝ ਪਰਵਾਹ ਨਾ ਕੀਤੀ। ਫੇਰ ਅੱਖਾਂ ਮੀਟ ਕੇ ਅਤੇ ਹੱਥ ਜੋੜ ਕੇ ਖੜਾ ਰਿਹਾ। ਜਦ ਅੱਠ ਦਸ ਮਿੰਟ ਖੜੇ ਉਸ ਨੂੰ ਹੋ ਗਏ ਤਾਂ ਉਨ੍ਹਾਂ ਠੱਗਾਂ ਸਾਧਾਂ ਨੇ ਸਮਝ ਲਿਆ ਕਿ ਗੁਰੂ ਨੇ ਘਰ ਬੈਠੇ ਅੰਨ੍ਹੇ ਨੂੰ ਬਟੇਰਾ ਭੇਜ ਦਿੱਤਾ ਹੈ। ਅੱਜ ਖ਼ੂਬ ਹਲਵਾ ਪੂਰੀ ਉਡੇਗਾ। ਇਹ ਕੋਈ ਕਿਸੇ ਥਾਂ ਦਾ ਰਾਜਾ ਮਲੂਮ ਹੁੰਦਾ ਹੈ। ਇਹ ਸੋਚ ਕੇ ਮਹੰਤ ਨੇ ਕਿਹਾ-"ਬੱਚਾ! ਅਬ ਬੈਠ ਜਾ ਤੇਰੀ ਭਗਤੀ ਦੇਖ ਕਰ ਹਮ ਬਹੁਤ ਖ਼ੁਸ਼ ਭਏ ਹੈਂ ਮਾਂਗ ਬੱਚਾ ਵਰ ਮਾਂਗ। ਏਕ ਹੀ ਚੁਟਕੀ ਸੇ ਤੇਰੀ ਕਲ੍ਯਾਣ ਹੋ ਜਾਵੇਗੀ।"

"ਮਹਾਰਾਜ! ਮੈਂ ਆਪ ਜੈਸੇ ਸੰਤ ਲੋਕਾਂ ਦੇ ਅੱਗੇ ਬੈਠਣ ਦੇ ਲਾਇਕ ਨਹੀਂ ਹਾਂ। ਮੈਂ ਖੜਾ ਖੜਾ ਆਪ ਦੇ ਦਰਸ਼ਨ ਕਰਾਂਗਾ। ਇਨ ਗੁਰੂ ਜੀ ਕੀ ਉਮਰ ਤਾਂ ਮੈਨੂੰ (ਲੜਕੇ ਵੱਲ ਇਸ਼ਾਰਾ ਕਰ ਕੇ) ਕੋਈ ਪੰਜ ਸੌ ਵਰ੍ਹੇ ਦੀ ਮਲੂਮ ਹੁੰਦੀ ਹੈ? ਕੀ ਇਹ ਆਪ ਲੋਕਾਂ ਦੇ ਗੁਰੂ ਹਨ?"

"ਸੱਚ ਹੈ ਬੱਚਾ ਸੱਚ ਹੈ, ਹਮ ਪਾਂਚ ਸੌ ਸਾਤਮ ਸੌ ਤੌ ਨਹੀਂ ਜਾਨਤੋ, ਪਰ ਜਿਸ ਸਮੇਂ ਉਜੈਨ ਮੇਂ ਰਾਜੇ ਭੋਜ ਕਾ ਰਾਜ ਥਾ ਤਬ ਯਿਹ ਪੈਦਾ ਭਏ ਥੇ। ਬੜੇ ਮਹਾਤਮਾ ਹੈਂ, ਸਿੱਧ ਹੈਂ, ਸੰਸਾਰ ਮੇਂ ਮਨ ਵਾਂਛਿਤ ਫਲ ਦੇਨੇ ਵਾਲੇ ਆਜ ਕੇ ਸਮੇਂ ਯਹੀ ਹੈ। ਇਨ੍ਹਾਂ ਨੇ ਦੋ ਸੌ ਵਾਰੀ ਚਾਰ ਧਾਮਾਂ ਦੀ ਯਾਤਰਾ ਕਰੀ ਹੈ। ਹਮ ਤੋ ਅਬੀ ਇਨ ਕੇ ਬੱਚੇ ਹੈਂ! ਹਮਾਰੇ ਗੁਰੂ ਕੇ ਪਰਦਾਦਾ ਗੁਰੂ ਭੀ ਇਹੀ ਕਹਤੇ ਥੇ ਕਿ ਇਨ ਕੋ ਹਮ ਨੇ ਇਸੀ ਅਵਸਥਾ ਮੈਂ ਦੇਖਾ ਹੈ। ਯਿਹ ਬੜੇ ਮੌਜੀ ਹੈਂ। ਜਬ ਮੌਜ ਆਤੀ ਹੈ ਤੋ ਪਾਂਚ ਬਰਸ ਕੇ ਬਾਲਕ ਔਰ ਫਿਰ ਮੌਜ ਆਤੀ ਹੈ ਤੋਂ ੨੫ ਬਰਸ ਕੇ ਜਵਾਨ ਬਨ ਜਾਤੇ ਹੈਂ।"

ਇਹ ਤਾਰੀਫ ਸੁਣ ਕੇ ਸਰਦਾਰ ਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ।

230