ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਸ ਨੇ ਉਹਨਾਂ ਦੇ ਚਰਨ ਅੱਖਾਂ ਨਾਲ ਚੁੰਮੇ ਅਤੇ ਚਰਨ ਧੂੜ ਮੁੱਠ ਵਿਚ ਪਾ ਕੇ ਆਖਣ ਲੱਗਾ:-

"ਮਹਾਰਾਜ! ਮੈਂ ਅੱਜ ਇਨ੍ਹਾਂ ਦੇ ਦਰਸ਼ਨ ਕਰ ਕੇ ਨਿਹਾਲ ਹੋ ਗਿਆ ਹਾਂ। ਮੈਨੂੰ ਹੁਣ ਆਸ ਬੱਝ ਗਈ ਹੈ ਕਿ ਮੇਰੀਆਂ ਸਾਰੀਆਂ ਮਨੋਕਾਮਨਾਂ ਪੂਰੀਆਂ ਹੋਣਗੀਆਂ।"

ਉਹ ਮੂੰਹੋਂ ਉਪਮਾਂ ਕਰਦਾ ਅਤੇ ਅੱਖਾਂ ਵਿਚੋਂ ਹੰਝੂ ਕੇਰਦਾ ਜਾਂਦਾ ਸੀ, ਪ੍ਰੇਮ ਨਾਲ ਉਸ ਦਾ ਗਲਾ ਗਦ ਗਦ ਹੋ ਰਿਹਾ ਸੀ। ਉਹ ਪਲ ਵਿਚ ਉਸ ਮਹਾਤਮਾਂ ਦੇ ਚਰਨ ਪਰਸਦਾ ਅਤੇ ਹੱਥ ਮੂੰਹ ਤੇ ਫੇਰਦਾ। ਉਸ ਦੀ ਭਗਤੀ ਵੇਖ ਕੇ ਉਹ ਪੰਜ ਸੌ ਵਰ੍ਹੇ ਦੇ ਬੁਢੇ ਮਹਾਤਮਾਂ ਜਿਨ੍ਹਾਂ ਦੇ ਸਿਰ ਅਤੇ ਦਾੜ੍ਹੀ ਮੁੱਛਾਂ ਦੇ ਵਾਲ ਬਿਲਕੁਲ ਚਿੱਟੇ ਹੋ ਰਹੇ ਸਨ, ਸਿਰ ਦੀਆਂ ਖਿਲਰੀਆਂ ਹੋਈਆਂ ਜਟਾਵਾਂ ਨੇ ਜਿਨ੍ਹਾਂ ਦਾ ਅੱਧਾ ਮੂੰਹ ਲੁਕਾ ਰਖਿਆ ਸੀ, ਸਰੀਰ ਪੁਰ ਸੁਆਹ ਮਲੀ ਹੋਈ ਹੋਣ ਪਰ ਭੀ ਜਿਸ ਦਾ ਗੋਰਾ ਰੰਗ ਫੁੱਟ ਫੁੱਟ ਕੇ ਬਾਹਰ ਨਿਕਲ ਰਿਹਾ ਸੀ, ਜਿਨ੍ਹਾਂ ਦੇ ਇਕ ਹੱਥ ਵਿਚ ਮਾਲਾ ਸੀ ਅਤੇ "ਗੋਰਖ" ਦੀ ਧੁਨ ਲਗਾ ਰਹੇ ਸਨ,ਚੇਲਿਆਂ ਦੀ ਸਫਾਰਸ਼ ਸੁਣ ਕੇ ਉਹਨਾਂ ਉਸ ਭਗਤ ਦੇ ਸਿਰ ਪਰ ਹੱਥ ਰਖਿਆ ਅਤੇ ਬੋਲੇ:

"ਬੇਟਾ! ਗੁਰੂ ਗੋਰਖ ਤੇਰਾ ਭਲਾ ਕਰੇ। ਮਾਂਗ ਬੇਟਾ ਵਰ ਮਾਂਗ। ਮੈਂ ਤੇਰੇ ਉਪਰ ਬਹੁਤ ਪ੍ਰਸੰਨ ਹੂੰ!"

"ਮਹਾਰਾਜ! ਮੈਨੂੰ ਹੋਰ ਕੋਈ ਲੋੜ ਨਹੀਂ ਰਹੀ। ਮੈਂ ਤੁਹਾਡੇ ਦਰਸ਼ਨ ਕਰ ਕੇ ਹੀ ਨਿਹਾਲ ਹੋ ਗਿਆ ਹਾਂ। ਆਪ ਦੀ ਦਇਆ ਨਾਲ ਮਹਾਰਾਜ! ਰਾਜ ਪਾਟ ਸਭ ਕੁਝ ਹੈ, ਮੈਂ ਅਠਾਈ ਪਿੰਡਾਂ ਦਾ ਮਾਲਕ ਹਾਂ। ਪਰ ਮਹਾਰਾਜ! ਇਕ ਘਾਟਾ ਹੈ, ਉਹ ਘਾਟਾ ਇਹ ਹੈ ਕਿ ਮੇਰੀ ਕੋਈ ਔਲਾਦ ਨਹੀਂ, ਇਕ ਪੁੱਤਰ ਦੇ ਬਿਨਾਂ ਸਭ ਕੁਝ ਸੁੰਞਾ ਹੈ। ਮਹਾਰਾਜ! ਮੈਨੂੰ ਮੇਰੇ ਪਰ ਕੋਈ ਪਿੱਛੋਂ ਪਿੰਡ ਦੇਣ ਵਾਲਾ ਭੀ ਨਹੀਂ। ਮਹਾਰਾਜ! ਲੋਕੀਂ ਆਖਦੇ ਹਨ ਕਿ ਜੇਕਰ ਤੂੰ ਪੁਤਰ ਬਗੈਰ ਮਰੇਂਗਾ ਤਾਂ ਤੇਰੀਆਂ ਸੱਤ ਪੀੜ੍ਹੀਆਂ ਨਰਕਾਂ ਨੂੰ ਜਾਣਗੀਆਂ। ਮੈਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ। ਮੇਰੀ ਇਸਤਰੀ ਔਲਾਦ ਦੇ ਨਾ ਹੋਣ ਕਰ ਕੇ ਮੈਥੋਂ ਭੀ ਵਧ ਦੁਖੀ ਰਹਿੰਦੀ ਹੈ, ਉਸ ਦੇ ਕਹੇ ਸੁਣੇ ਮੈਂ ਹਜ਼ਾਰਾਂ ਰੁਪਏ ਬ੍ਰਾਹਮਣਾਂ ਅਤੇ ਸਾਧਾਂ

231