ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮੈਜਿਸਟਰੇਟ ਦੀ ਅਦਾਲਤ ਵਿਚ ਚਾਲਾਨ ਕੀਤੇ ਗਏ।

ਜ਼ਿਲਾ ਮੈਜਿਸਟਰੇਟ ਮਿਸਟਰ ਵਰਗ ਸਨ ਨੇ ਪੁਲੀਸ ਦੀ ਰੀਪੋਰਟ ਅਨੁਸਾਰ ਸਰਕਾਰ ਨੂੰ ਮੁਦਈ ਕਾਇਮ ਕਰ ਕੇ ਫ਼ਕੀਰਾਂ ਨੂੰ ਮੁੱਦਾਲਾ ਬਣਾਇਆ। ਇਜ਼ਹਾਰਾਂ ਵਿਚ ਸਭਨਾਂ ਨੇ ਆਪਣੇ ਆਪ ਨੂੰ ਬੇਕਸੂਰ ਕਿਹਾ। ਭਗਤ ਨੇ ਗੁਰੂ ਜੀ ਨੂੰ ਪਹਿਲਾਂ ਤੋਂ ਹੀ ਪੱਟੀ ਪੜ੍ਹਾ ਰੱਖੀ ਸੀ, ਇਸ ਲਈ ਗੁਰੂ ਜੀ ਨੇ ਅਦਾਲਤ ਵਿਚ ਦਾੜ੍ਹੀ ਮੁੱਛਾਂ ਅਤੇ ਜੜਾਵਾਂ ਲਾਹ ਕੇ ਰੱਖ ਦਿੱਤੀਆਂ ਅਤੇ ਕਿਹਾ:―

'ਹਜ਼ੂਰ! ਮੈਂ ਸਰਦਾਰ ਪੁਰ ਦੇ ਭਾਈ ਗੁਰਮੁਖ ਸਿੰਘ ਦਾ ਲੜਕਾ ਹਾਂ। ਮੇਰਾ ਪਿਤਾ ਮੇਰੀ ਮਾਂ ਨੂੰ ਲੱਭਣ ਲਈ ਗਿਆ ਹੋਇਆ ਹੈ, ਜਿਸ ਦਾ ਫੇਰ ਕੁਝ ਪਤਾ ਨਹੀਂ। ਦੋ ਢਾਈ ਮਹੀਨੇ ਹੋਏ ਸਾਡੇ ਪਿੰਡ ਦੇ ਦੇਵੀ ਮੰਦਰ ਦੇ ਪਾਸ ਇਹ ਸਾਰੇ ਫ਼ਕੀਰ ਆ ਕੇ ਉਤਰੇ ਸਨ। ਮੈਂ ਇਸਤ੍ਰੀਆਂ ਦੇ ਕਹੇ ਕਹਾਏ―ਭਈ ਮੇਰੇ ਮਾਤਾ ਪਿਤਾ ਛੇਤੀ ਘਰ ਮੁੜਨ―ਦੇਵੀ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਸਾਂ। ਓਥੇ ਇਨ੍ਹਾਂ ਨਾਲ ਮੇਲ ਮੁਲਾਕਾਤ ਹੋਣ ਪੁਰ ਮੈਂ ਆਪਣੇ ਪਿਤਾ ਦਾ ਹਾਲ ਪੁੱਛਿਆ, ਭਈ ਉਹ ਕਦੋਂ ਤੱਕ ਘਰ ਮੁੜਨਗੇ? ਇਹਨਾਂ ਨੇ ਆਖਿਆ ਤੂੰ ਸਾਡੇ ਨਾਲ ਚੱਲੇਂ ਤਾਂ ਅਸੀਂ ਤੈਨੂੰ ਮਿਲਾ ਦੇਈਏ। ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਤੂੰ ਸਾਡੇ ਨਾਲ ਫ਼ਕੀਰ ਬਣ ਇਕ ਮਹੀਨਾ ਜੰਗਲ ਵਿਚ ਰਹੁ ਅਤੇ ਇਕ ਮੰਤਰ ਦਾ ਜਪ ਕਰ। ਤੇਰਾ ਬਾਪ ਬਹੁਤ ਛੇਤੀ ਤੈਨੂੰ ਆ ਕੇ ਮਿਲੇਗਾ।

ਮੈਂ ਇਨ੍ਹਾਂ ਨੂੰ ਕਿਹਾ, ਕੋਈ ਅਜਿਹਾ ਮੰਤਰ ਦੱਸੋਂ ਜੋ ਮੈਂ ਘਰ ਬੈਠਾ ਜਪ ਕਰਾਂ, ਪਰ ਇਹਨਾਂ ਕਿਹਾ ਉਸ ਮੰਤਰ ਦਾ ਜਾਪ ਜੰਗਲ ਵਿਚ ਹੀ ਹੁੰਦਾ ਹੈ, ਤੇਰਾ ਬਾਪ ਅੱਜ ਕੱਲ ਇਕ ਰਾਜੇ ਪਾਸ ਕੈਦ ਹੈ, ਤੂੰ ਸਾਡੇ ਨਾਲ ਚੱਲ ਕੇ ਜਪ ਕਰੇਂਗਾ ਤਾਂ ਤੂੰ ਸਿੱਧ ਹੋ ਜਾਵੇਗਾ ਅਤੇ ਇਕ ਹਜ਼ਾਰ ਕੋਹ ਇਕ ਖਿਣ ਵਿਚ ਜਾ ਪਹੁੰਚੇਗਾ। ਤੂੰ ਫੇਰ ਰਾਜੇ ਨੂੰ ਵੱਸ ਕਰਕੇ ਬਾਪ ਨੂੰ ਛੁਡਾ ਲਿਆਵੇਗਾ। ਮੈਂ ਇਨ੍ਹਾਂ ਦੀਆਂ ਗੱਲਾਂ 'ਚ ਆ ਗਿਆ। ਮੈਂ ਇਨ੍ਹਾਂ ਨੂੰ ਕਿਹਾ―ਮੈਂ ਇਕ ਵਾਰੀ ਆਪਣੀ ਦਾਦੀ ਨੂੰ ਮਿਲ ਆਵਾਂ। ਇਹ ਆਖਣ ਲੱਗੇ, ਨਹੀਂ। ਜੇਕਰ ਤੂੰ ਕਿਸੇ ਨੂੰ ਦੱਸੇਂਗਾ ਤਾਂ ਮੰਤਰ ਝੂਠਾ ਹੋ ਜਾਵੇਗਾ। ਤੂੰ ਰਾਤੀਂ ਚੋਰੀ ਚੋਰੀ ਨਿਕਲ

ਆਵੀਂ। ਮੈਂ ਕਿਹਾ―ਮੈਂ ਇਕੱਲਾ ਨਹੀਂ ਆ ਸਕਦਾ, ਮੈਨੂੰ ਡਰ ਲੱਗਦਾ ਹੈ।

234