ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/246

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਲਿਆ ਹੈ। ਇਹ ਸੱਚਮੁਚ ਧਰਮ ਦੇ ਅਵਤਾਰ ਹਨ। ਇਹ ਆਖਦੀ ਨੇ ਅੱਖਾਂ ਵਿਚੋਂ ਹੰਝੂ, ਕੇਰ ਦਿੱਤੀਆਂ, ਫੇਰ ਭਾਈ ਗੁਰਮੁਖ ਸਿੰਘ ਜੀ ਨੇ ਕਿਹਾ:―

“ਮਾਂ ਜੀ! ਅੱਜ ਤੁਸੀਂ ਸਾਨੂੰ ਜੋ ਫੇਰ ਦੇਖ ਰਹੇ ਹੋ, ਜਾਂ ਅਸੀਂ ਫੇਰ ਤੁਹਾਡੇ ਦਰਸ਼ਨ ਕਰ ਸਕੇ ਹਾਂ, ਇਹ ਸਾਰਾ ਇਹਨਾਂ ਦਾ ਹੀ ਪ੍ਰਤਾਪ ਹੈ। ਇਹ ਆਪਣਾ ਘਰ ਬਾਰ, ਜਾਗੀਰ ਅਤੇ ਆਪਣੇ ਬਾਲ ਬੱਚਿਆਂ ਨੂੰ ਇਕੱਲਾ ਵਾਹਿਗੁਰੂ ਦੇ ਆਸਰੇ ਛੱਡ ਕੇ ਮੈਂ ਕੰਗਾਲ ਦੀ ਸਹਾਇਤਾ ਲਈ ਕਈ ਮਹੀਨਿਆਂ ਤੋਂ ਭਟਕਦੇ ਅਤੇ ਮੇਰੇ ਪਿਛੇ ਦੁਖ ਭੋਗਦੇ ਰਹੇ ਹਨ। ਮੈਂ ਇਹਨਾਂ ਦੀ ਇਸ ਜੀਭ ਨਾਲ ਉਪਮਾ ਨਹੀਂ ਕਰ ਸਕਦਾ। ਸਾਡੇ ਘਰ ਨੂੰ ਮੁੜ ਕੇ ਵਸਾਉਣ ਵਾਲੇ ਅਤੇ ਸਾਨੂੰ ਫੇਰ ਜਿਵਾਉਣ ਵਾਲੇ ਇਹੋ ਸਰਦਾਰ ਧਰਮਾਵਤਾਰ ਹਨ "

ਇੰਨੇ ਵਿਚ ਸਰੂਪ ਕੌਰ ਨੂੰ ਆਪਣੇ ਪੁੱਤਰ ਦੀ ਯਾਦ ਆਈ। ਹੁਣ ਤੱਕ ਸੱਸ ਦੇ ਪ੍ਰੇਮ ਅਤੇ ਦੁੱਖ ਵਿਚ ਗਲਤਾਨ ਹੋ ਰਹੀ ਸੀ। ਯਾਦ ਆਉਂਦਿਆਂ ਹੀ ਉਸਨੇ ਪੁੱਛਿਆ- ਮਾਂ ਜੀ ਨਿੱਕਾ ਨਿੱਕਾ ਕਿਥੇ ਹੈ? ਨਜ਼ਰ ਨਹੀਂ ਆਉਂਦਾ।"

ਸੱਸ ਦੇ ਉੱਪਰ ਜਾਣੋਂ ਗੜੇ ਪੈ ਗਏ। ਕੁਝ ਨਾ ਬੋਲ ਸੱਕੀ। ਉਸ ਦੀ ਇਹ ਦਸ਼ਾ ਵੇਖ ਕੇ ਭਾਈ ਸੱਜਣ ਸਿੰਘ ਨੇ ਕਿਹਾ— ਭੈਣ ਜੀ! ਤੁਹਾਡੇ ਨਿੱਕੇ ਦੇ ਗੁੰਮ ਹੋਣ ਦਾ ਅਪਰਾਧੀ ਮੈਂ ਹਾਂ। ਮੈਂ ਇਕ ਪਿੰਡ ਵਿਚ ਇਕ ਆਦਮੀ ਦਾ ਇਲਾਜ ਕਰਨ ਗਿਆ ਸਾਂ ਅਤੇ ਪਿਛੋਂ ਰਾਤ ਨੂੰ ਘਰੋਂ ਨਿੱਕਾ ਗੁੰਮ ਹੋ ਗਿਆ। ਅਚਰਜ ਦੀ ਗੱਲ ਹੈ ਜੋ ਘਰ ਦੇ ਕੁੰਡੇ ' ਅੰਦਰੋਂ ਵੱਜੋਂ ਰਹੇ। ਪਤਾ ਨਹੀਂ ਉਹ ਕਿਸ ਤਰ੍ਹਾਂ ਗੁੰਮ ਹੋ ਗਿਆ। ਉਸ ਦੀ ਢੂੰਡ ਭਾਲ ਭੀ ਬਥੇਰੀ ਕੀਤੀ ਹੈ, ਪਰ ਅਜੇ ਤਕ ਪਤਾ ਨਹੀਂ ਲੱਗਾ।" ਇਹ ਆਖ ਕੇ ਭਾਈ ਸੱਜਣ ਸਿੰਘ ਹੁਰੀਂ ਚੁੱਪ ਹੋ ਗਏ।

"ਭਰਾ ਜੀ! ਤੁਹਾਡਾ ਇਸ ਵਿਚ ਕੋਈ ਕਸੂਰ ਨਹੀਂ, ਇਹ ਸਾਰਾ ਸਾਡੇ ਪਾਪਾਂ ਦਾ ਫਲ ਹੈ। ਤੁਸੀਂ ਬਿਲਕੁਲ ਚਿੰਤਾ ਨਾ ਕਰ। ਜੇਕਰ ਸਾਡੇ ਭਾਗਾਂ ਵਿਚ ਹੋਵੇਗਾ ਤਾਂ ਸਾਨੂੰ ਫੇਰ ਮਿਲ ਰਹੇਗਾ, ਨਹੀਂ ਤਾਂ ਜੋ ਵਾਹਿਗੁਰੂ ਦੀ ਰਜ਼ਾ!"

ਇਸ ਤਰ੍ਹਾਂ ਆਪਸ ਵਿਚ ਸ਼ੋਕ ਦੀਆਂ ਗੱਲਾਂ ਕਰਦੇ ਸਨ ਕਿ ਬਾਹਰੋਂ ਦਸ ਬਾਰਾਂ ਪਿੰਡ ਦੇ ਆਦਮੀ ਮਿਲਣ ਆਏ। ਪਿੰਡ ਦੇ ਲੋਕਾਂ ਨੇ ਭਾਈ ਗੁਰਮੁਖ ਸਿੰਘ ਨੂੰ "ਜੀ ਆਇਆਂ ਨੂੰ"ਕਿਹਾ, ਪਰ ਨਿੱਕੇ ਦੇ ਗੁੰਮ ਜਾਣ ਪੁਰ

240