ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੪੦

ਸਰੂਪ ਕੌਰ ਜਦ ਆਪਣੇ ਘਰ ਵੱਸਣ ਲੱਗੀ ਤਾਂ ਉਸ ਦੀ ਦੁੱਖਾਂ ਅਤੇ ਕਸ਼ਟਾਂ ਵਿਚ ਸਹਿ ਕੇ ਭੀ ਆਪਣਾ ਧਰਮ ਨਾ ਛੱਡਣ ਦੀ ਉਪਮਾਂ ਸੁਣ ਕੇ ਪੰਝੀ ਪੰਝੀ ਕੌਹ ਤੱਕ ਦੀਆਂ ਇਸਤਰੀਆਂ ਉਸ ਦਾ ਦਰਸ਼ਨ ਕਰਨ ਲਈ ਉਸ ਦੇ ਘਰ ਰੋਜ਼ ਆਉਣ ਲੱਗੀਆਂ। ਉਨ੍ਹਾਂ ਵਿਚੋਂ ਕੋਈ ਇਸਤਰੀ ਸਰੂਪ ਕੌਰ ਦਾ ਭਗਤੀ ਭਾਵ ਨਾਲ ਦਰਸ਼ਨ ਕਰ ਕੇ ਆਪਣੀਆਂ ਅੱਖਾਂ ਨੂੰ ਪਵਿੱਤਰ ਕਰਦੀ ਸੀ, ਕੋਈ ਉਸ ਨੂੰ ਕਲਜੁਗ ਦੀ ਸੱਚੀ ਦੇਵੀ ਸਮਝ ਕੇ ਉਸ ਦੀ ਪੂਜਾ ਕਰਦੀ ਸੀ। ਕੋਈ ਇਸਤਰੀ ਵਡਮੁੱਲੀਆਂ ਚੀਜ਼ਾਂ ਲਿਆ ਕੇ ਉਸ ਦੀ ਭੇਟਾ ਰੱਖਦੀ ਸੀ। ਕੋਈ ਉਸ ਨੂੰ ਸਾਖ੍ਯਾਤ ਦੇਵੀ ਜਾਣ ਕੇ ਪੁੱਤਰ ਆਦਿਕ ਦੀ ਕਾਮਨਾ ਕਰਦੀ ਸੀ, ਪਰ ਉਹਨਾਂ ਵਿਚ ਕਈ ਇਸਤਰੀਆਂ ਅਜਿਹੀਆਂ ਵੀ ਸਨ ਜੋ ਉਸ ਦੇ ਗੁਣਾਂ ਅਤੇ ਪਤਿਬਰਤਾ ਧਰਮ ਪਾਲਣ ਵੱਲ ਕੁਝ ਖ਼ਿਆਲ ਨ ਦੇ ਕੇ ਕੇਵਲ ਉਸ ਦੇ ਹੌਂਸਲੇ ਦੀ ਵਡਿਆਈ ਕਰਦੀਆਂ ਅਤੇ ਉਸ ਦੇ ਦੁੱਖਾਂ ਨੂੰ ਸੁਣ ਸੁਣ ਕੇ ਉਸ ਪਰ ਦਇਆ ਖਾਂਦੀਆਂ ਸਨ। ਇਨ੍ਹਾਂ ਦੋ ਤਰ੍ਹਾਂ ਦੀਆਂ ਇਸਤਰੀਆਂ ਦੇ ਸਿਵਾ ਕੋਈ ਅਜਿਹੀਆਂ ਵੀ ਸਨ, ਜਿਨ੍ਹਾਂ ਨੇ ਸਰੂਪ ਕੌਰ ਨੂੰ ਮੂਰਖ ਸਮਝਿਆ ਅਤੇ ਉਸ ਦੇ ਕਸ਼ਟਾਂ ਦੁੱਖਾਂ ਨੂੰ ਮਖ਼ੌਲ ਠੱਠੇ ਵਿਚ ਉਡਾਇਆ, ਪਰ ਉਸ ਦੇ ਘਰ ਚੱਲ ਕੇ ਜੇ ਇਸਤਰੀ ਆਈ ਉਨ੍ਹਾਂ ਸਭਨਾਂ ਦਾ ਸਰੂਪ ਕੌਰ ਨੇ ਆਦਰ ਕੀਤਾ ਅਤੇ ਮਾਨ ਰੱਖਿਆ। ਜੇ ਕੋਈ ਇਸਤਰੀ ਉਸ ਦੀ ਭੇਟ ਕਰਨ ਲਈ ਲਿਆਈ ਉਸ ਵਿਚ ਆਪਣੀ ਵਲੋਂ ਯਥਾ ਯੋਗ ਕੋਈ ਨਾ ਕੋਈ ਚੀਜ਼ ਮਿਲਾ ਕੇ ਆਦਰ ਸਣੇ ਪ੍ਰਸੰਨਤਾ ਨਾਲ ਉਸ ਨੇ ਉਹ ਚੀਜ਼ ਵਾਪਸ ਕੀਤੀ। ਜਿਨ੍ਹਾਂ ਨੂੰ ਉਸ ਦੀ ਕਥਾ ਸੁਣਨ ਦਾ ਸ਼ੌਕ ਸੀ ਉਨ੍ਹਾਂ ਨੂੰ ਉਸ ਨੇ ਕਥਾ ਸੁਣਾਈ ਅਤੇ ਪਤਿ ਸੇਵਾ ਅਤੇ ਪਤੀ ਭਗਤੀ ਦਾ ਉਪਦੇਸ਼ ਦਿੱਤਾ:

250