ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੧੭

ਡਾਕੂਆਂ ਦੇ ਸਰਦਾਰ ਦੇ ਹੁਕਮ ਨਾਲ ਕਾਲਾ ਅਤੇ ਗਾਮੂੰ ਨਾਮੇ ਡਾਕੂ ਸਰੂਪ ਕੌਰ ਨੂੰ ਨਾਲ ਲੈ ਕੇ ਊਠਾਂ ਪੁਰ ਸਵਾਰ ਹੋ ਉਸ ਨੂੰ ਬਹਾਦਰਪੁਰ ਜਾ ਕੇ ਛੱਡਣ ਦੀ ਥਾਂ ਰਾਜਪੂਤਾਨੇ ਦੇ ਸੰਸਾਰਪੁਰ ਨਾਮੇ ਨਗਰ ਵਿਚ ਲੈ ਗਏ। ਇਹ ਚਾਹੁੰਦੇ ਤਾਂ ਨੇੜੇ ਦੇ ਕਿਸੇ ਨਗਰ ਵਿਚ ਸਰੂਪ ਕੌਰ ਨੂੰ ਵੇਚ ਸਕਦੇ ਸਨ, ਪਰ ਫੜੇ ਜਾਣ ਤੋਂ ਡਰਦੇ ਹੋਏ ਇਹ ਧਾਵਾ ਕਰ ਕੇ ਰਾਜਪੂਤਾਨੇ ਵਿਚ ਜਾ ਵੜੇ। ਸਾਰੇ ਰਾਹ ਉਹਨਾਂ ਨੇ ਸਰੂਪ ਕੌਰ ਉਤੇ ਕੜੀ ਨਜ਼ਰ ਰਖੀ, ਤਾਂ ਜੋ ਉਹ ਲੋਕਾਂ ਨੂੰ ਮਿਲ ਨਾ ਸਕੇ ਅਤੇ ਭੱਜ ਵੀ ਨਾ ਜਾਵੇ। ਉਸ ਦੇ ਭਜਣ ਦੇ ਦੋ ਯਤਨ ਵੀ ਅਸਫਲ ਕਰ ਦਿਤੇ ਤੇ ਧਮਕੀ ਦਿੱਤੀ ਕਿ ਜੋ ਉਹ ਦੌੜੇਗੀ ਤਾਂ ਮਾਰ ਦਿਤੀ ਜਾਵੇਗੀ। ਇਸ ਕਾਰਣ ਸਰੂਪ ਕੌਰ ਨੇ ਵੀ ਨੱਠ ਜਾਣ ਦਾ ਖ਼ਿਆਲ ਛੱਡ ਦਿੱਤਾ। ਉਸ ਨੇ ਸਮਝ ਲਿਆ ਕਿ ਮੇਰੇ ਉੱਪਰ ਕੋਈ ਜ਼ੁਲਮ ਤਾਂ ਇਹ ਕਰਦੇ ਹੀ ਨਹੀਂ, ਇਸ ਲਈ ਅਜੇਹਾ ਕਰਨ ਵਿਚ ਮੈਨੂੰ ਕੀ ਲਾਭ ਹੈ। ਜੋ ਕੁਝ ਹੋਵੇਗਾ ਦੇਖੀ ਜਾਵੇਗੀ।"

ਡਾਕੂਆਂ ਨੇ ਸੰਸਾਰਪੁਰ ਦੇ ਨੇੜੇ ਪਹੁੰਚ ਕੇ ਸ਼ਹਿਰ ਦੇ ਬਾਹਰ ਇਕ ਮੰਦਰ ਵਿਚ ਡੇਰਾ ਕੀਤਾ। ਖਾਣ ਪੀਣ ਤੋਂ ਨਿਸਚਿੰਤ ਹੋ ਕੇ ਕਾਲਾ ਤਾਂ ਓਥੇ ਹੀ ਰਿਹਾ,ਗਾਮੂੰ ਕਿਸੇ ਕੰਮ ਸ਼ਹਿਰ ਵਿਚ ਗਿਆ। ਉਥੇ ਪੰਜ ਸਤ ਵੇਸਵਾਂ ਦੇ ਘਰ ਸਨ ਉਹਨਾਂ ਵਿਚੋਂ ਮਹਬੂਬ ਜਾਨ ਨਾਮੇ ਵੇਸਵਾ ਬਹੁਤ ਧਨਵਾਨ ਸੀ। ਸਾਰੇ ਰਾਜਪੂਤਾਨੇ ਵਿਚ ਉਸ ਦਾ ਨਾਂ ਸੀ। ਵਿਆਹ ਸ਼ਾਦੀਆਂ ਵਿਚ ਮੁਜਰਾ ਕਰਨ ਲਈ ਸੌ ਸੌ ਕੋਹ ਉਪਰੋਂ ਆ ਕੇ ਲੋਕ ਉਸ ਨੂੰ ਲੈ ਜਾਂਦੇ ਸਨ। ਉਸ ਦੇ ਪਾਸ ਇਕ ਨਾਲੋਂ ਵਧ ਕੇ ਇਕ ਸੋਲਾਂ ਨਚੈਣ ਕੁੜੀਆਂ ਸਨ। ਸਾਰੀਆਂ ਹੀਰੇ ਮੋਤੀ ਆਦਿ ਜਵਾਹਰਾਤ ਨਾਲ ਜੜੇ ਹੋਏ ਗਹਿਣਿਆਂ ਨਾਲ ਭਰਪੂਰ ਸਨ। ਸੁੰਦਰਤਾਈ ਵਿਚ ਉਹ ਇੰਦਰ ਦੀਆਂ ਅਪੱਛਰਾਂ ਨੂੰ ਭੀ ਮਾਤ ਕਰਦੀਆਂ ਅਤੇ ਗਾਣ ਨੱਚਣ ਵਿਚ ਤਾਂ ਬਹੁਤ ਉਸਤਾਦ ਸਨ।

87