ਦੰਪਤੀ ਪਿਆਰ
ਗਾਮੂੰ ਮਹਬੂਬ ਜਾਨ ਦੇ ਘਰ ਜਾ ਵੜਿਆ ਅਤੇ ਜਾ ਕੇ ਸਲਾਮ ਕੀਤੀ। ਮਹਬੂਬ ਜਾਨ ਨੇ ਉੱਠ ਕੇ ਉਸ ਨੂੰ ਆਦਰ ਦਿਤਾ। ਥੋੜੀ ਦੇਰ ਤਕ ਰਾਜ਼ੀ ਖ਼ੁਸ਼ੀ ਦੀਆਂ ਗੱਲਾਂ ਦੇ ਬਾਦ ਮਹਬੂਬ ਜਾਨ ਨੇ ਪੁੱਛਿਆ:-
"ਹੁਕਮ ਕਰੋ, ਤੁਹਾਡਾ ਕਿਸ ਤਰ੍ਹਾਂ ਇੱਥੇ ਆਉਂਣਾ ਹੋਇਆ ਹੈ?"
ਅੱਗੋਂ ਉਸ ਨੇ ਸਰੂਪ ਕੌਰ ਦੇ ਲੈ ਆਉਣ ਦੀ ਗੱਲ ਉਸ ਨੂੰ ਕਹੀ ਅਤੇ ਉਸ ਦੇ ਰੂਪ ਦੀ ਬਹੁਤ ਤਾਰੀਫ ਕੀਤੀ। ਗਾਮੂੰ ਨੇ ਮਹਬੂਬਾ ਨੂੰ ਕਿਹਾ:-"ਰਾਣੀ ਜੀ! ਸਾਡੀ ਲੌਂਡੀ ਇੰਨੀ ਸੁੰਦਰ ਹੈ ਕਿ ਉਸ ਦੇ ਰੂਪ ਦੀ ਬਰਾਬਰੀ ਕਰਨ ਵਾਲੀ ਤੁਹਾਡੀਆਂ ਇਨ੍ਹਾਂ ਸੋਲ੍ਹਾਂ ਚੇਲੀਆਂ ਵਿਚ ਭੀ ਨਹੀਂ।”
ਬੱਸ ਹੋਰ ਕੀ ਚਾਹੀਦਾ ਸੀ? ਮਹਬੂਬ ਜਾਨ ਦੇ ਮੂੰਹ ਵਿਚ ਪਾਣੀ ਆ ਗਿਆ, ਉਹ ਤਾਂ ਹਮੇਸ਼ਾਂ ਸੋਹਣੀਆਂ ਸੋਹਣੀਆਂ ਲੜਕੀਆਂ ਦੀ ਖੋਜ ਵਿਚ ਲੱਗੀ ਰਹਿੰਦੀ ਸੀ। ਸਰੂਪ ਕੌਰ ਦੀ ਸੁੰਦਰਤਾ ਸੁਣ ਕੇ ਉਸ ਨੇ ਕਿਹਾ:-
“ਚੰਗਾ! ਤੁਸੀਂ ਉਸ ਨੂੰ ਇਥੇ ਲੈ ਆਓ, ਦੇਖ ਕੇ ਮੈਂ ਤੁਹਾਨੂੰ ਦੱਸਾਂਗੀ।"
"ਲੈ ਤਾਂ ਅਸੀਂ ਆਈਏ, ਪਰ ਜੇਕਰ ਰਾਹ ਵਿਚ ਉਹ ਚੀਕ ਉੱਠੀ ਤਾਂ ਅਸੀਂ ਮਾਰੇ ਜਾਵਾਂਗੇ, ਤੁਹਾਡਾ ਨਾਮ ਸੁਣ ਕੇ ਅਸੀਂ ਵੱਡੇ ਵੱਡੇ ਦੁੱਖ ਭੋਗ ਕੇ ਇਥੇ ਆਏ ਹਾਂ। ਸਾਡੇ ਖ਼ਿਆਲ ਵਿਚ ਤੁਸੀਂ ਆਪ ਹੀ ਉੱਥੇ ਚੱਲ ਕੇ ਵੇਖ ਲਓ ਤਾਂ ਚੰਗੀ ਗੱਲ ਹੈ, ਅਸੀਂ ਉਸ ਨੂੰ ਜੰਗਲ ਦੇ ਰਾਹ ਹੀ ਇੱਥੇ ਲੈ ਆਏ ਹਾਂ। ਅਜੇ ਹੋਰ ਕਿਸੇ ਆਦਮੀ ਨਾਲ ਗੱਲ ਬਾਤ ਨਹੀਂ ਕੀਤੀ।"
"ਚੰਗਾ! ਤਾਂ ਤੁਸੀਂ ਜਾਓ, ਮੈਂ ਸ਼ਾਮ ਨੂੰ ਆਵਾਂਗੀ। ਤੁਸੀਂ ਧੀਰਜ ਰੱਖੋ ਤੁਹਾਨੂੰ ਤਕੜਾ ਗੱਫਾ ਦਿੱਤਾ ਜਾਊ।"
"ਬਹੁਤ ਅੱਛਾ ਜੀ! ਪਰ ਯਾਦ ਰਖੋ ਕਿਧਰੇ ਅਜੇਹਾ ਨਾ ਹੋਵੇ ਕਿ ਉਹ ਔਰਤ ਕਿਸੇ ਦੇ ਸਾਮ੍ਹਣੇ ਭੇਦ ਖੋਲ੍ਹ ਦੇਵੇ ਤੇ ਅਸੀਂ ਤੁਸੀਂ ਸਾਰੇ ਪਕੜੇ ਜਾਈਏ। ਔਰਤ ਵੱਡੀ ਹੁਸ਼ਿਆਰ ਹੈ, ਉਹ ਸਿੱਧੀ ਤਰਾਂ ਫਸ ਜਾਣ ਵਾਲੀ ਨਹੀਂ।”
"ਬੱਸ! ਬੱਸ!! ਇਹ ਗੱਲਾਂ ਤੁਸੀਂ ਦਿਲ ਵਿਚ ਰਖੋ, ਇਥੇ ਮੇਰਾ ਅਜੇਹਾ ਸਿੱਕਾ ਬਿਠਾਇਆ ਹੋਇਆ ਹੈ ਕਿ ਕੋਈ ਚੂੰ ਤੱਕ ਕਰਨ ਵਾਲਾ ਨਹੀਂ।
88