ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਕੀ ਕਾਰਾ ਕਰ ਚੱਲੇ ਹੋ।
ਆਪ ਕਿਨਾਰਾ ਕਰ ਚੱਲੇ ਹੋ
ਸਾਡੀ ਬੇੜੀ ਪੱਥਰ ਧਰ ਕੇ,
ਡੋਬ ਕੇ ਸਾਨੂੰ ਤਰ ਚੱਲੇ ਹੋ।

ਮਹਿਕਾਂ 'ਚ ਭਿੱਜੀ ਪੌਣ ਨੂੰ, ਸਾਹਾਂ 'ਚ ਭਰ ਲਿਆ ਹੈ।
ਅਗਨੀ ਸਰੋਵਰਾਂ ਨੂੰ, ਕਈ ਵਾਰ ਤਰ ਲਿਆ ਹੈ।
ਪੁੱਛਦੇ ਹੋ ਫ਼ਰਕ ਜੇਕਰ, ਤਾਂ ਫ਼ਰਕ ਸਿਰਫ਼ ਏਨਾ,
ਇਕ ਵਾਰ ਜੀਣ ਖ਼ਾਤਰ ਕਈ ਵਾਰ ਮਰ ਲਿਆ ਹੈ।

ਘਿਰੀ ਹੈ ਜ਼ਿੰਦਗੀ ਕੁਝ ਇਸ ਤਰ੍ਹਾ ਦੇ ਘੇਰੇ ਵਿਚ।
ਸ਼ੈਤਾਨ ਜ਼ੋਰ ਫੜਦਾ ਜਾ ਰਿਹਾ ਹਨੇਰੇ ਵਿਚ।
ਮੈਂ ਇਸ ਨੂੰ ਬਹੁਤ ਵਾਰੀ ਹੋੜਿਆ ਹੈ ਮੁੜਦਾ ਨਹੀਂ,
ਇਹ ਫਿਰਦੈ ਕਰਨ ਨੂੰ ਪੱਕਾ ਨਿਵਾਸ ਮੇਰੇ ਵਿਚ।

ਸੁਪਨੇ ਰੰਗ ਬਰੰਗੇ ਵੇਖੋ।
ਮੌਸਮ ਸੂਲੀ ਟੰਗੇ ਵੇਖੋ।
ਪੱਤਰ ਪੱਤਰ ਸਦਾ ਨਾ ਸੰਗੀ,
ਪੱਤਝੜੀਂ ਰੁੱਖ ਨੰਗੇ ਵੇਖੋ।

ਜ਼ਿੰਦਗੀ ਤੋਂ ਉਪਰਾਮ ਨਾ ਹੋਵੇ।
ਖ਼ੁਦ ਦੇ ਕਦੇ ਗੁਲਾਮ ਨਾ ਹੋਵੋ।
ਸੂਰਜ ਨਾਲ ਕਰੋ ਅਠਖੇਲੀ,
ਸੁਬਹ ਸਵੇਰੇ ਸ਼ਾਮ ਨਾ ਰੋਵੋ।

ਧਰਤੀ ਅੰਬਰ ਸਭ ਤੇਰਾ ਹੈ।
ਜੋ ਕੁਝ ਤੇਰਾ ਸਭ ਮੇਰਾ ਹੈ।
ਤੂੰ ਮੇਰੇ ਵਿਚ, ਮੈਂ ਤੇਰੇ ਵਿਚ,
ਬਾਕੀ ਸਭ ਜੱਗ ਨੇਰ੍ਹਾ ਹੈ।

ਧਰਤੀ ਨਾਦ/ 102