ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀਰਾ ਲੱਭਦੀ ਲੱਭਦੀ ਹੋ ਗਈ,
ਕਿਉਂ ਮਮਤਾ ਤੋਂ ਕੋਰੀ...?
ਨੀ ਇਕ ਲੋਰੀ ਦੇ ਦੇ।

ਹਸਪਤਾਲ ਦੇ ਕਮਰੇ ਅੰਦਰ,
ਪਈਆਂ ਨੇ ਜੋ ਅਜਬ ਮਸ਼ੀਨਾਂ।
ਪੁੱਤਰਾਂ ਨੂੰ ਇਹ ਕੁਝ ਨਾ ਆਖਣ,
ਸਾਡੇ ਲਈ ਕਿਉਂ ਬਣਨ ਸੰਗੀਨਾਂ।
ਡਾਕਟਰਾਂ ਚਹੁੰ ਸਿੱਕਿਆਂ ਖ਼ਾਤਰ,
ਕੱਟੀ ਜੀਵਨ ਡੋਰੀ...।
ਨੀ ਇਕ ਲੋਰੀ ਦੇ ਦੇ।

ਧੀ ਤਿਤਲੀ ਨੂੰ ਮਸਲਣ ਵੇਲੇ,
ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ,
ਗੁੰਗੇ ਬੋਲੇ ਹੋ ਗਏ ਸਾਰੇ,
ਨੱਕ ਨਮੂਜ਼ਾਂ ਸ਼ਰਮਾਂ ਵਾਲੇ।
ਬਿਨ ਡੋਲੀ ਤੋਂ ਧਰਮੀ ਮਾਪਿਆਂ,
ਕਿੱਧਰ ਨੂੰ ਧੀ ਤੋਰੀ...?
ਨੀ ਇਕ ਲੋਰੀ ਦੇ ਦੇ।

ਸੁੱਤਿਆਂ ਲਈ ਸੌ ਯਤਨ ਵਸੀਲੇ,
ਜਾਗਦਿਆਂ ਨੂੰ ਕਿਵੇਂ ਜਗਾਵਾਂ?
ਰੱਖੜੀ ਦੀ ਤੰਦ ਖ਼ਤਰੇ ਵਿਚ ਹੈ,
ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ।
ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ,
ਦੇ ਨਾ ਜ਼ਹਿਰ ਕਟੋਰੀ...।
ਨੀ ਇਕ ਲੋਰੀ ਦੇ ਦੇ।

ਧਰਤੀ ਨਾਦ/ 18