ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਧਰਤੀ ਨਾਦ

ਧਰਤੀ ਨਾਦ ਵਜਾਵੇ।
ਧੜਕਣ ਰੋਕ ਸੁਣੀਂ ਮਨ ਮੇਰੇ,
ਇਹ ਪਲ ਰੋਜ਼ ਨਾ ਆਵੇ।

ਸਾਹਾਂ ਵਿਚ ਕਸਤੂਰੀ ਭਰ ਲੈ।
ਦੋ ਸਾਹਾਂ ਨੂੰ ਇਕ ਸਾਹ ਕਰ ਲੈ।
ਬਿਨ ਖੰਭਾਂ ਤੋਂ ਸਾਗਰ ਤਰ ਲੈ।
ਸਦੀਆਂ ਮਗਰੋਂ, ਵੱਡੇ ਭਾਗੀਂ,
ਇਹੋ ਜਿਹਾ ਪਲ ਆਵੇ।
ਧਰਤੀ ਨਾਦ ਵਜਾਵੇ।

ਜਲ ਤੇ ਅੰਬਰ ਦੇ ਵਿਚਕਾਰੇ।
ਰਾਤ ਹਨੇਰੀ ਡਲ੍ਹਕਣ ਤਾਰੇ।
ਮੂਧੇ ਹੋਏ ਵੇਖ ਵਿਚਾਰੇ।
ਇਕੋ ਝਾਕ ਨਿਰੰਤਰ
ਕਿ ਉਹ ਪਲ ਵਿਸਮਾਦੀ ਆਵੇ।
ਧਰਤੀ ਨਾਦ ਵਜਾਵੇ।

ਸਰਦ ਸਿਆਲਾਂ ਜੋ ਸੀ ਲੁੱਟੇ।
ਰੁੰਡੇ ਰੁੱਖੀਂ ਪੱਤਰ ਫੁੱਟੇ।
ਪ੍ਰਕਿਰਤੀ ਦੀ ਨੀਂਦਰ ਟੁੱਟੇ।
ਰੁੱਤ ਬਸੰਤੀ ਵਣ ਹਰਿਆਉਲੇ,
ਪਹਿਨੇ ਵਸਤਰ ਸਾਵੇ।
ਧਰਤੀ ਨਾਦ ਵਜਾਵੇ।

ਕਣ ਕਣ ਜੀਕੂੰ ਭਰੇ ਉਡਾਰੀ।
ਨਿੱਕੜੇ ਬਾਲਾਂ ਦੀ ਕਿਲਕਾਰੀ।

ਧਰਤੀ ਨਾਦ/ 19