ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਲਵਿਦਾ ਵੀਹਵੀਂ ਸਦੀ

ਖੜਕੇ ਨੇ ਘੜਿਆਲ,
ਸਮੇਂ ਨੇ ਵਸਤਰ ਬਦਲੇ।
ਕੰਧਾਂ ਉੱਪਰ ਲਟਕ ਰਹੇ ਕੈਲੰਡਰ ਮੂਧੇ।
ਅੰਕੜਿਆਂ ਆਪਣੀ ਕੁੰਜ ਲਾਹੀ।
ਘੁੰਮਦਾ ਪਹੀਆ ਘਸਰ ਘਸਰ ਕੇ,
ਇਕ ਟੋਏ ਤੋਂ ਦੂਜੇ ਟੋਏ ਤੀਕਰ ਪੁੱਜਾ।

ਵੱਜੇ ਖ਼ੂਬ ਪਟਾਕੇ,
ਲਿਸ਼ਕੀ ਆਤਿਸ਼ਬਾਜ਼ੀ।
ਇਕ ਦੂਜੇ ਨੂੰ ਕਮਲੇ ਹੋ ਹੋ,
ਦੇਂਦੇ ਫਿਰਦੇ ਲੋਕ ਵਧਾਈ।
ਜਾਪੇ ਖ਼ਲਕ ਤਮਾਸ਼ੇ ਆਈ।

ਰੌਸ਼ਨੀਆਂ ਦੀ ਚਕਾਚੌਂਧ ਵਿਚ,
ਅੱਧ ਨੰਗੇ ਜਿਸਮਾਂ ਦੀ ਮੰਡੀ।
ਦਾਰੂ ਪੀਣੇ ਅਲਕ ਵਹਿੜਕੇ ਥਾਂ ਥਾਂ ਰੌਣਕ।
ਬੁੱਢੇ ਹੱਡ ਤੇ ਅਧਖੜ ਜਹੇ ਕੁਝ ਮੌਲੇ ਬਲਦਾਂ,
ਹੋਟਲਾਂ ਅਤੇ ਕਲੱਬਾਂ ਅੰਦਰ,
'ਕੱਤੀ ਰਾਤ ਧਮੱਚੜ ਪਾਇਆ।
ਜਾਪੇ ਜੀਕਣ ਨਾਰਦ ਡਮਰੂ ਫੇਰ ਵਜਾਇਆ।

ਵੀਹਵੀਂ ਸਦੀ ਦਾ ਕੂੜਾ ਕਰਕਟ,
ਮਨ ਅੰਦਰਲਾ ਜੰਗਲ ਨੇਰ੍ਹਾ,
ਰੱਦੀ ਕਾਗਜ਼ ਵਰਗਾ ਨਿਕਸੁਕ,
ਆਪਣਾ ਕੋਝਾ ਚਿਹਰਾ ਲੈ ਕੇ,
ਨਵੀਂ ਸਦੀ ਦੇ ਵਿਹੜੇ ਆਇਆ।

ਅੱਖ ਚੁੰਧਿਆਉਂਦੀ ਤੇਜ਼ ਤਰਾਰ ਰੌਸ਼ਨੀ ਅੰਦਰ,
ਮਨ ਦਾ ਨੇੜ੍ਹਾ ਗੂੜ੍ਹਾ ਹੋਇਆ।

ਧਰਤੀ ਨਾਦ/ 21