ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਪਿਲ ਵਸਤੂ ਉਦਾਸ ਹੈ

ਅਜੇ ਤੀਕ ਵੀ ਹਰ ਰੋਜ਼,
ਕਪਿਲਵਸਤੂ ਉਡੀਕਦੀ ਹੈ,
ਆਪਣੇ ਸਿਧਾਰਥ ਪੁੱਤਰ ਨੂੰ।

ਉਨ੍ਹਾਂ ਭਾਣੇ ਬੋਧ ਗਯਾ ਦੇ ਬਿਰਖ਼ ਨੇ,
ਉਨ੍ਹਾਂ ਦਾ ਪੁੱਤਰ ਖਾ ਲਿਆ ਹੈ।
ਤੇ ਜੋ ਬਾਕੀ ਬਚਿਆ,
ਉਹ ਤਾਂ ਬੁੱਧ ਸੀ।

ਕਪਿਲ ਵਸਤੂ ਦੀਆਂ ਗਲੀਆਂ,
ਕੂਚੇ ਤੇ ਭੀੜੇ ਬਾਜ਼ਾਰ,
ਅੱਜ ਵੀ ਤੜਕਸਾਰ ਜਾਗ ਉੱਠਦੇ ਨੇ।
ਉਡੀਕਦੇ ਹਨ ਹਰ ਰੋਜ਼।
ਸੋਚਦੇ ਹਨ ਸ਼ਾਹੀ ਰੱਥ 'ਚੋਂ ਉੱਤਰ ਕੇ,
ਉਹ ਜ਼ਰੂਰ ਆਵੇਗਾ।
ਦੇਰ ਸਵੇਰ ਜ਼ਰੂਰ ਪਰਤੇਗਾ।
ਤੰਗ ਹਨੇਰੀਆਂ ਗਲੀਆਂ ਵਿਚ ਘੁੰਮੇਗਾ।
ਕਪਿਲ ਵਸਤੂ ਨੂੰ ਵਿਸ਼ਵਾਸ ਹੈ,
ਉਨ੍ਹਾਂ ਦੇ ਘਰਾਂ ਵਿਚਲੀਆਂ ਹਨ੍ਹੇਰੀਆਂ ਰਾਤਾਂ,
ਸਿਧਾਰਥ ਦੇ ਪਰਤਣ ਨਾਲ ਹੀ ਮੁੱਕਣਗੀਆਂ।

ਕਪਿਲ ਵਸਤੂ ਨੂੰ ਬੁੱਧ ਦੀ ਨਹੀਂ,
ਗੌਤਮ ਦੀ ਉਡੀਕ ਹੈ।
ਨਿੱਕੇ ਜਹੇ ਅਲੂੰਈਂ ਉਮਰ ਦੇ ਸਿਧਾਰਥ ਦੀ।

ਯਸ਼ੋਧਰਾ ਅਜੇ ਵੀ ਸਿਰ ਤੇ ਚਿੱਟੀ ਚੁੰਨੀ ਨਹੀਂ ਓੜ੍ਹਦੀ।
ਰਾਹੁਲ ਜਾਗ ਪਿਆ ਹੈ ਗੂੜ੍ਹੀ ਨੀਂਦਰੋਂ।
ਆਪਣੇ ਬਾਪ ਦੀਆਂ ਪੈੜਾਂ ਨੱਪਦਾ ਨੱਪਦਾ,

ਧਰਤੀ ਨਾਦ/ 24