ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੰਨਾ ਕੁ ਬਾਕੀ ਬਚਿਆ ਹਾਂ

ਜਿੰਨਾ ਕੁ ਬਾਕੀ ਬਚਿਆਂ ਹਾਂ,
ਏਸੇ ਦੀ ਸਲਾਮਤੀ ਲਈ ਅਰਦਾਸ ਕਰ।
ਸਦੀਆਂ ਤੋਂ,
ਇਤਿਹਾਸ ਮੇਰੇ ਨਾਲ ਖਹਿ ਕੇ ਲੰਘਦਾ ਰਿਹਾ ਹੈ,
ਦਰਿਆ ਵਾਂਗ।

ਮੈਂ ਵਗਦੇ ਪਾਣੀਆਂ ਨੂੰ ਬਹੁਤ ਵਾਰ ਕਿਹਾ,
ਮੇਰੇ ਤੇ ਮਿਹਰ ਕਰੋ।
ਖ਼ੋਰਨ ਲਈ ਹੁਣ ਕੋਈ ਹੋਰ ਦਰ ਲੱਭੋ।
ਜੁਆਬ ਮਿਲਿਆ,
ਇਕੋ ਥਾਂ ਖੜ੍ਹੇ ਰਹਿਣ ਦੀ ਤੈਨੂੰ ਇਹੀ ਸਜ਼ਾ ਹੈ।

ਵਗਦੀ ਤੇਜ਼ ਹਵਾ ਨੇ ਵੀ,
ਮੇਰੇ ਘਰ 'ਚ ਖਲੋਤੀ ਧਰੇਕ ਨੂੰ ਏਹੀ ਜੁਆਬ ਦਿੱਤਾ।
ਲਿਫ਼ਣਾ ਸਿੱਖ,
ਤਣੀ ਰਹੇਂਗੀ ਤਾਂ ਟੁੱਟ ਜਾਵੇਂਗੀ।

ਮੇਰੇ ਆਲ ਦੁਆਲੇ ਕਿੰਨੇ ਲੋਕ ਸਨ,
ਕਿੰਨੇ ਸਾਰੇ ਘਰ।
ਹੁਣ ਸੁੰਨੇ ਦਲਾਣ ਪਏ ਨੇ।
ਹੜ੍ਹਾਂ ਤੋਂ ਡਰਦੇ ਲੋਕ ਪਿੰਡ ਛੱਡ ਗਏ ਨੇ।
ਪੱਕੀਆਂ ਹਵੇਲੀਆਂ, ਖੁਰਲੀ ਬੱਝੇ ਡੰਗਰਾਂ ਸਣੇ।
ਆਦਮੀ ਏਨਾ ਖ਼ੁਦਗ਼ਰਜ਼ ਕਿਉਂ ਹੈ?
ਰੁੱਖਾਂ ਨੇ ਮੈਨੂੰ ਕਈ ਵਾਰ ਪੁੱਛਿਆ।

ਧਰਤੀ ਨਾਦ/ 26