ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੱਤਰ ਹਰੇ ਕਚੂਰ

ਪੁੰਗਰ ਪਈ ਹੈ ਧਰੇਕ।
ਸਿਰੋਂ ਵੱਢੇ ਹੋਏ ਟਾਹਣ,
ਫੇਰ ਪੱਲ੍ਹਰੇ ਹਨ।

ਹਰੇ ਕਚੂਰ ਪੱਤੇ,
ਮੇਰੇ ਵਿਹੜੇ ਵਿਚ ਮਹਿਕੇ ਹਨ।

ਘੋਨ ਮੋਨ ਟੁੰਡ ਜਿਹਾ ਤਣਾ,
ਫੇਰ ਬਿਰਖ਼ ਬਣਿਆ ਹੈ।
ਜਿਸ ਦੀ ਛਾਵੇਂ ਮੇਰੀ ਬੀਮਾਰ ਮਾਂ ਦਾ ਮੰਜਾ ਹੈ।
ਸਿਲੇਬਸ ਦੀਆਂ ਕਿਤਾਬਾਂ ਨੂੰ,
ਅਲਗਰਜ਼ੀ ਨਾਲ ਫ਼ੋਲਦਾ ਮੇਰਾ ਪੁੱਤਰ ਹੈ।

ਮੈਂ ਵੀ ਹਾਂ- ਨੰਗੇ ਸਿਰ ਬੈਠਾ।
ਅਖ਼ਬਾਰ ਵਿਚੋਂ ਬਦਹਵਾਸ ਜਹੀਆਂ ਖ਼ਬਰਾਂ ਪੜ੍ਹਦਾ।
ਬੇਚੈਨ ਮਨ ਸ਼ਾਂਤ ਹੈ ਇਸ ਪਲ।
ਕਿਰਮਚੀ ਫੁੱਲਾਂ ਲੱਦੀਆਂ ਟਾਹਣੀਆਂ ਨੂੰ,
ਹਵਾ ਨਾਲ ਅਠਖੇਲੀਆਂ ਕਰਦਿਆਂ ਵੇਖਦਿਆਂ।

ਧਰਤੀ ਨਾਦ/ 32