ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਲਨਾਇਕ ਨਾਇਕ ਦੀ ਵਰਦੀ ਪਹਿਨ ਕੇ,
ਲੁੱਟ ਰਹੇ ਨੇ ਦਿਨੇ ਰਾਤ।
ਡਾਕੂਆਂ ਦੀ
ਸੁਰਖ਼ ਝੰਡੇ ਵਾਲੇ ਬਾਬੇ ਨਾਲ ਗਲਵੱਕੜੀ ਵੇਖਦਿਆਂ,
ਮੇਰੇ ਤਾਂ ਸੋਤਰ ਸੁੱਕ ਗਏ ਨੇ।
ਇਸ ਨਵੀਂ ਭਾਈਵਾਲੀ ਨੂੰ,
ਸਿਧਾਂਤ ਦੀ ਕਿਹੜੀ ਕਿਤਾਬ 'ਚੋਂ ਪੜ੍ਹ ਕੇ
ਕੀ ਸਮਝਾਂ ਮੇਰੇ ਦੇਸ਼।
ਇਬਾਰਤ ਰਲਗੱਡ ਹੋ ਚੱਲੀ ਹੈ।
ਸ਼ਹਿਦ ਵਿਚ ਰਲੀ ਰੇਤ ਦੇ ਕਣਾਂ ਵਾਂਗ।
ਦੰਦਾਂ ਹੇਠ ਕਿਰਚ ਕਿਰਚ ਹੁੰਦਾ ਹੈ।
ਨਾ ਖਾਣ ਜੋਗੇ ਹਾਂ, ਨਾ ਥੁੱਕਣ ਜੋਗੇ।

ਇਕ ਵੱਡੇ ਨੀਲਾਮ ਘਰ 'ਚ ਵੱਸਦਿਆਂ,
ਦਮ ਘੁੱਟਦਾ ਹੈ।
ਜਾਪਦਾ ਹੈ- ਸਵੇਰੇ ਉੱਠਣ ਸਾਰ,
ਮੈਂ ਵੀ ਵਿਕ ਚੁਕਿਆ ਹੋਵਾਂਗਾ।
ਮਹਿੰਗੇ ਸਸਤੇ ਮੁੱਲ ਕਿਸੇ ਵੀ ਬਾਜ਼ਾਰ ਵਿਚ!

ਮੂੰਹ ਵਿਚਲੀ ਜੀਭ ਵੀ ਸੁੰਗੜ ਗਈ ਹੈ।
ਬਾਹਾਂ ਦੀ ਕੀਹ ਪੁੱਛਦਾ ਹੈਂ?
ਕਦੇ ਮੁੱਕਾ ਬਣ ਕੇ ਹਵਾ ਵਿਚ ਲਹਿਰਾਉਂਦੀਆਂ ਹੀ ਨਹੀਂ।
ਅਰਜ਼ੀਆਂ ਲਿਖਦੀਆਂ ਲਿਖਦੀਆਂ ਉਂਗਲਾਂ,
ਅਰਜ਼ਮੰਦ ਹੱਥਾਂ ਦੇ ਆਖੇ ਹੀ ਲੱਗਦੀਆਂ ਹਨ।

ਰਾਤ ਨੂੰ ਬਹੁਤ ਵਾਰ,
ਦੇਸ਼ ਦੇ ਤੇਤੀ ਕਰੋੜ ਭੁੱਖੇ ਦੇਵਤੇ,
ਮੇਰੇ ਸਿਰ੍ਹਾਣੇ ਆਣ ਬੈਠਦੇ ਹਨ।

ਧਰਤੀ ਨਾਦ/ 51