ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰਜਿਤ ਰਾਹਾਂ 'ਤੇ

ਜਿੰਨ੍ਹਾਂ ਰਾਹਾਂ 'ਤੇ ਤੁਰਨ ਤੋਂ,
ਤੁਹਾਨੂੰ ਕੋਈ ਵਰਜਦਾ ਹੈ,
ਉਨ੍ਹਾਂ 'ਤੇ ਜ਼ਰੂਰ ਤੁਰੋ।
ਜਿੰਨ੍ਹਾਂ ਪਗਡੰਡੀਆਂ 'ਤੇ ਬੂਝੇ ਹਨ,
ਸਰਕੜਾ, ਕਾਹੀ ਤੇ ਮਲ੍ਹੇ ਝਾੜੀਆਂ ਹਨ,
ਉਨ੍ਹਾਂ 'ਤੇ ਜ਼ਰੂਰ ਤੁਰੋ।
ਪੈਰਾਂ ਨੂੰ ਰਸਤਾ ਲੱਭਣ ਦੀ
ਆਦਤ ਬਣੀ ਰਹਿੰਦੀ ਹੈ।
ਕੱਚੇ ਰਾਹਾਂ 'ਤੇ ਪੈਦਲ ਤੁਰਨ ਨਾਲ,
ਬੰਦਾ ਕਦੇ ਨਹੀਂ ਗੁਆਚਦਾ।
ਪੱਕੇ ਰਾਹਾਂ 'ਤੇ ਲਿਖੇ
ਦਿਸ਼ਾ ਸੂਚਕਾਂ ਦੇ ਬਾਵਜੂਦ,
ਸਾਫ਼ ਸੁਥਰੀਆਂ ਸੜਕਾਂ 'ਤੇ
ਸਰਪਟ ਦੌੜਨ ਵਾਲੇ
ਅਕਸਰ ਰਾਹ ਭੁੱਲ ਜਾਂਦੇ ਨੇ।

ਧਰਤੀ ਨਾਦ/ 60