ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਲਈ ਸਾਡੇ ਹੀ ਚਾਚੇ ਜ਼ੈਲਦਾਰੀ।
ਏਸੇ ਕਰਕੇ ਸਾਡਾ ਰਾਹ ਸੌਖਾ ਨਹੀਂ ਹੈ।
ਪਰ ਜੇ ਲੋਕੀਂ ਜਾਗ ਉੱਠਣ, ਸਾਥ ਦੇਵਣ,
ਫਿਰ ਕੋਈ ਔਖਾ ਨਹੀਂ ਹੈ।

ਓਸ ਨੂੰ ਇਹ ਸੁਆਲ ਹਰ ਪਲ ਡੰਗਦਾ ਸੀ।
ਤੇ ਉਹ ਕਾਲੇ ਵਕਤ ਪਾਸੋਂ ਇਹਦਾ ਉੱਤਰ ਮੰਗਦਾ ਸੀ।
"ਬੋਲਦੇ ਸਾਰੇ ਨੇ ਏਥੇ ਜਾਗਦਾ ਕੋਈ ਨਹੀਂ।
ਸਫ਼ਰ ਵਿੱਚ ਹਾਂ ਆਖ਼ਦੇ ਨੇ ਤੁਰ ਰਿਹਾ ਕੋਈ ਨਹੀਂ।"

ਇਸ ਜਗ੍ਹਾ ਕਿਉਂ ਦਨ-ਦਨਾਉਂਦਾ ਚੁੱਪ ਖਿਲਾਅ ਹੈ।
ਮਰ ਰਿਹਾ ਜੀਵਨ ਦਾ ਚਾਅ ਹੈ।
ਏਨੀ ਡੂੰਘੀ ਚੁੱਪ ਨੂੰ ਮੈਂ ਕਿੰਜ ਤੋੜਾਂ।
ਤੇ ਸਮੇਂ ਦੀ ਵਾਗ ਮੋੜਾਂ।
ਫਿਰ ਅਚਾਨਕ ਸੋਚ ਆਵੇ।
ਜੇ ਨਹੀਂ ਸੁਣਦੇ ਤਾਂ ਲੋਕੀਂ ਨਾ ਸਹੀ।
ਅਸਰ ਰੱਖਦੀ ਹੈ ਹਮੇਸ਼ਾਂ ਗੱਲ ਕਹੀ।

ਦੂਰ ਥਾਂ, ਏਥੇ ਜਾਂ ਕਿਧਰੇ ਹੋਰ ਥਾਵੇਂ।
ਤੁਰ ਰਿਹਾ ਹਰ ਸ਼ਖਸ ਮੇਰਾ ਆਪਣਾ ਹੈ।
ਬੋਲਦਾ ਹਰ ਆਦਮੀ ਮੇਰਾ ਭਰਾ ਹੈ।
ਤਪ ਰਿਹਾ ਮੈਂ ਹੀ ਹਾਂ ਹਰ ਥਾਂ।
ਧਰਤ ਬਦਲਣ ਨਾਲ ਬਦਲੇ ਮੇਰਾ ਨਾਂ।

ਆਖਦਾ ਉਹ, ਜੇ ਭਲਾ ਪੁੱਛੋਗੇ ਮੈਨੂੰ,
ਤੂੰ ਗੁਲਾਮੀ ਨੂੰ ਕਿਹੋ ਜਹੀ ਸਮਝਦਾ ਹੈਂ?
ਮੈਂ ਕਹੂੰ ਔਰਤ ਦੇ ਪੈਰੀਂ ਛਣਕਦੀ ਪੰਜੇਬ ਵਰਗੀ।
ਜੇ ਕਹੋਗੇ ਜ਼ੁਲਮ ਦੀ ਸੂਰਤ ਪਛਾਣ।

ਧਰਤੀ ਨਾਦ/ 70