ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਲਈ ਜੰਗ ਹੋਈ ਤਿਆਰ ਵੇ ਹਾਂ

ਰਾਜੇ ਤਾਂ ਹੋ ਗਏ ਅੱਜ ਤੋਂ ਜੰਗਾਂ ਤੋਂ ਵਿਹਲੇ ਜੀ,
ਸਾਡੇ ਲਈ ਜੰਗ ਹੋਈ ਤਿਆਰ ਵੇ ਹਾਂ।

ਘਰ ਤੋਂ ਤਾਂ ਘੱਲਿਆ ਸੀ ਪੁੱਤਰ ਕਰਨ ਕਮਾਈਆਂ ਨੂੰ,
ਦਿਲ ਉੱਤੇ ਰੱਖ ਕੇ ਪੱਥਰ ਭਾਰ ਵੇ ਹਾਂ।

ਪਿਛਲੇ ਦੋ ਮਹੀਨੇ ਛੁੱਟੀ ਵੇਲੇ ਤਾਂ ਵਿਆਹਿਆ ਸੀ,
ਹੋਏ ਮਹੀਨੇ ਹਾਲੇ ਚਾਰ ਵੇ ਹਾਂ।

ਮਰਿਆ ਨੀ ਮਰਿਆ ਵੀਰਨ, ਮਰਿਆ ਏ ਦੇਸ਼ ਲਈ,
ਛਪਿਆ ਨੀ ਨਾਂ ਵੀ ਵਿਚ ਅਖ਼ਬਾਰ ਵੇ ਹਾਂ।

ਪੁੱਤਰ ਦੀ ਥਾਂ 'ਤੇ ਮੁੜਿਆ ਬਕਸਾ ਜਿਹਾ ਵੇਖ ਕੇ,
ਰੋਇਆ ਸੀ ਟੱਬਰ ਭੁੱਬਾਂ ਮਾਰ ਵੇ ਹਾਂ।

ਅੰਬਰ ਨੂੰ ਛੋਹਣ ਕੀਰਨੇ, ਧਰਤੀ ਵੀ ਕੰਬ ਗਈ ਸੀ,
ਡਿੱਗੀ ਗਸ਼ ਖਾ ਕੇ ਉਹਦੀ ਨਾਰ ਵੇ ਹਾਂ।

ਰੰਗਲਾ ਨੀ ਰੰਗਲਾ ਚੂੜਾ ਬਾਹਾਂ 'ਚੋਂ ਤਿੜਕ ਗਿਆ,
ਚਿਹਰਾ ਵੀ ਹੋਇਆ ਜ਼ਰਦ ਵਿਸਾਰ ਵੇ ਹਾਂ।

ਨਿੱਕੀ ਜਹੀ ਅਗਨ ਵਰੇਸੇ, ਭਾਣਾ ਕੀ ਵਰਤ ਗਿਆ,
ਕਿੱਧਰ ਨੂੰ ਜਾਊ ਇਹ ਮੁਟਿਆਰ ਵੇ ਹਾਂ।

ਬਾਪੂ ਦੀ ਟੁੱਟੀ ਡੰਗੋਰੀ, ਮਾਂ ਦੀ ਅੱਖ ਜੋਤ ਗਈ,
ਹੋਇਆ ਜੱਗ ਸਾਰਾ ਅੰਧਕਾਰ ਵੇ ਹਾਂ।

ਧਰਤੀ ਨਾਦ/ 90