ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿੰਦਾ ਸੀ ਅਗਲੀ ਛੁੱਟੀ ਵੇਲੇ ਜਦ ਆਊਂਗਾ,
ਲੱਭਾਂਗਾ ਭੈਣ ਲਈ ਘਰ-ਬਾਰ ਵੇ ਹਾਂ।

ਕੰਧਾਂ ਗਲ ਲੱਗ ਲੱਗ ਰੋਵੇ, ਮੂੰਹੋਂ ਨਾ ਬੋਲਦੀ,
ਖ਼ਬਰੇ ਦਿਲ ਉੱਤੇ ਕਿੰਨਾ ਭਾਰ ਵੇ ਹਾਂ।

ਐਧਰ ਦੀ ਗੋਲੀ ਭਾਵੇਂ ਓਧਰ ਦੀ ਗੋਲੀ ਸੀ,
ਪੁੱਤਰ ਤਾਂ ਮੋਏ ਦੋਵੇਂ ਵਾਰ ਵੇ ਹਾਂ।

ਕਿੰਨੇ ਪੁੱਤ ਐਧਰ ਮਰ ਗਏ, ਓਧਰ ਦੀ ਖ਼ਬਰ ਨਹੀਂ,
ਤੋਪਾਂ ਨੂੰ ਆਇਆ ਨਾ ਡਕਾਰ ਵੇ ਹਾਂ।

ਸਿਰ 'ਤੇ ਲੈ ਚਿੱਟੀ ਚੁੰਨੀ ਵਿਧਵਾ ਜਦ ਫਿਰਨਗੀਆਂ,
ਧਰਤੀ ਵੀ ਕਿੱਦਾਂ ਚੁੱਕੂ ਭਾਰ ਵੇ ਹਾਂ।

ਸੋਚੋ ਵੇ ਸੋਚੋ ਵੀਰੋ, ਇਨ੍ਹਾਂ ਦਾ ਕਾਲਾ ਮੂੰਹ,
ਧਰਤੀ 'ਤੇ ਜਿੰਨੇ ਹਥਿਆਰ ਵੇ ਹਾਂ।

ਵੋਟਾਂ ਦੇ ਵਣਜਾਂ ਖ਼ਾਤਰ, ਮਸਲੇ ਉਲਝਾਉਣ ਲਈ,
ਚਾੜ੍ਹ ਦਿੱਤਾ ਜੰਗ ਦਾ ਬੁਖ਼ਾਰ ਵੇ ਹਾਂ।

ਏਧਰ ਤੇ ਓਧਰ ਕਲਮਾਂ ਝੱਗੋ ਝੱਗ ਹੋਈਆਂ ਨੇ,
ਰੱਤ ਵਿਚ ਭਿੱਜੇ ਅਖ਼ਬਾਰ ਵੇ ਹਾਂ।

ਸਾਡੇ ਤਾਂ ਘਰ ਘਰ ਰੋਣੇ ਉਮਰਾਂ ਲਈ ਪੈ ਗਏ ਨੇ,
ਉਨ੍ਹਾਂ ਲਈ ਚੋਣ ਪ੍ਰਚਾਰ ਵੇ ਹਾਂ।

ਬਹੁਤੇ ਤਾਂ ਲੋਕਾਂ ਖ਼ਾਤਰ ਕਿਰਕਟ ਦਾ ਮੈਚ ਸੀ,
ਸਾਡੇ ਲਈ ਲਾਮ ਸੀ ਤੀਜੀ ਵਾਰ ਵੇ ਹਾਂ।

ਧਰਤੀ ਨਾਦ/ 91