ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੯)
ਉਸਦੀ ਉਮਰ ਵਧ ਜਾਂਦੀ ਹੈ।
'ਜਾਣਦਾ ਤਾਂ ਨਹੀਂ ਪਰ ਯਕੀਨ ਕਰਦਾ ਹਾਂ ਕਿ ਠੀਕ ਹੀ ਹੋਵੇਗਾ।'
ਇਹ ਤਾਂ ਆਮ ਪਰਖੀ ਹੋਈ ਸਚਾਈ ਹੈ, ਕਿ ਹਰ ਇਕ ਦਾ ਭਾਗ ਹੀ ਫਲਦਾ ਹੈ। ਇਹੋ ਜਹੇ ਰਤਨ ਹਰ ਕਿਸੇ ਨੂੰ ਨਹੀਂ ਮਿਲ ਸਕਦੇ ਨਰੇਇੰਦ੍ਰ ਬਾਬੂ। ਮੇਰੇ ਵਰਗੇ ਤੁਛ ਜਹੇ ਆਦਮੀ ਨੂੰ ਇਹੋ ਜਹੀ ਸੁਲੱਗ ਤੇ ਭਾਗ ਵਾਲੀ ਇਸਤਰੀ ਕਿਥੋਂ ਮਿਲ ਸਕਣੀ ਸੀ?
'ਆ ਸੱਚ ਤੁਹਾਡੀ ਸੁਪੱਤਨੀ ਕਿੱਥੇ ਹੈ? ਮੈਂ ਫੇਰ ਆਖਦਾ ਹਾਂ ਕਿ ਦੋ ਚਾਰ ਦਿਨ ਹੋਰ ਰਹਿ ਜਾਓ, ਏਸ ਘਰ ਵਰਗਾ ਆਰਾਮ ਸੁਵਰਗ ਵਿਚ ਵੀ ਨਹੀਂ ਜੇ ਮਿਲ ਸਕਣਾ।'
ਬਿਮਲਾ ਵੀ ਲਾਗੇ ਹੀ ਸੁਣ ਰਹੀ ਸੀ। ਅੱਖਾਂ ਪੂੰਝ ਕੇ ਉਸਨੇ ਚੰਗੀ ਤਰ੍ਹਾਂ ਵੇਖਿਆ ਕਿ ਆਪਣੇ ਭਾਈਏ ਦੀ ਗੱਲ ਸੁਣ ਕੇ ਨਰੇਇੰਦ੍ਰ ਦਾ ਚਿਹਰਾ ਇਕ ਵਾਰੀ ਕਾਲਾ ਸ਼ਾਹ ਹੋ ਗਿਆ ਹੈ।
੪.
ਅੱਟਾ ਸੱਟਾ ਪੰਦਰਾਂ ਦਿਨਾਂ ਪਿੱਛੋਂ ਇੰਦੂ ਆਪਣੀ ਲੜਕੀ ਨੂੰ ਨਾਲ ਲੈ ਕੇ ਮੇਦਨੀ ਪੁਰ ਤੋਂ ਵਾਪਸ ਆ ਗਈ।