ਪੰਨਾ:ਨਵਾਂ ਜਹਾਨ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੂੰ ਉਸ ਦੇ ਲਈ, ਓ ਤੇਰੇ ਲਈ ਹੈ,
ਏ ਜੋੜੀ ਰਚੀ ਪ੍ਰੇਮ ਖਾਤਰ ਗਈ ਹੈ,
ਤੂੰ ਭਗਵਨ ਉਦ੍ਹਾ, ਓ ਤੇਰੀ ਭਗਵਤੀ ਹੈ,
ਤੂੰ ਜੀਵਨ ਉਦ੍ਹਾ, ਉਹ ਤੇਰੀ ਜ਼ਿੰਦਗੀ ਹੈ,
ਓ ਤੇਰੀ ਹੈ ਧਿਰ ਤੇ ਤੂੰ ਉਸਦਾ ਸਹਾਰਾ,
ਦੁਹਾਂ ਬਾਝ ਕੋਝਾ ਹੈ ਸੰਸਾਰ ਸਾਰਾ।(4)

ਜੇ ਚਾਹਨਾ ਏਂ ਦੁਨੀਆਂ ਰਸੀਲੀ ਬਣਾਣੀ,
ਜੇ ਚਾਹਨਾ ਏਂ ਜੀਵਨ ਦੀ ਸ਼ੋਭਾ ਵਧਾਣੀ,
ਜੇ ਸਚਮੁਚ ਦੀ ਹੈ ਪ੍ਰੇਮ-ਨਗਰੀ ਵਸਾਣੀ,
ਤੇ ਰਣ ਵਿਚ ਨਹੀਂ ਤੂੰ ਕਦੇ ਭਾਂਜ ਖਾਣੀ,
ਤਾਂ ਨਾਰੀ ਨੂੰ ਹਮਦਰਦ ਅਪਣੀ ਬਣਾ ਲੈ,
ਜੇ ਉੱਠਣ ਦੀ ਚਾਹ ਹੈ ਤਾਂ ਉਸ ਨੂੰ ਉਠਾ ਲੈ।(5)

ਜੇ ਤਕਣਾ ਈ ਨਾਰੀ ਦਾ ਦਿਲ, ਘੁੰਡ ਚਾ ਕੇ,
ਖਿੜੀ ਆਤਮਾ ਦੇ ਜੇ ਲੈਣੇ ਨੀ ਝਾਕੇ,
ਤਾਂ ਤਕ ਉਸ ਨੂੰ ਦੂਈ ਦਾ ਪਰਦਾ ਹਟਾ ਕੇ,
ਗੁਲਾਮੀ ਦੇ ਪਿੰਜਰੇ ਤੋਂ ਬਾਹਰ ਬਿਠਾ ਕੇ,
ਜੇ ਸੁਣਨੇ ਨੀ ਨਗ਼ਮੇ ਕੁਦਰਤੀ ਅਦਾ ਵਿਚ,
ਤਾਂ ਉੱਡਣ ਦੇ ਬੁਲਬੁਲ ਨੂੰ ਉੱਚੀ ਹਵਾ ਵਿਚ।(6)

ਉਦ੍ਹੇ ਫ਼ਰਜ਼ ਰਬ ਨੇ ਮਿਥੇ ਨੇ ਬਥੇਰੇ,
ਤੂੰ ਘੇਰੇ ਨ ਪਾ ਹੋਰ, ਉਸ ਦੇ ਚੁਫੇਰੇ,
ਉਦ੍ਹੇ ਜਜ਼ਬਿਆਂ ਨੂੰ ਚੜ੍ਹਨ ਦੇ ਉਚੇਰੇ,
ਏ ਚੜ੍ਹਕੇ ਭੀ ਕੰਮ ਔਣਗੇ ਅੰਤ ਤੇਰੇ,
ਤੇਰਾ ਇਹ ਜਗਤ ਭੀ ਸੁਖਾਲਾ ਕਰੇਗੀ,
ਤੇ ਪਰਲੋਕ ਭੀ ਸ਼ਾਨ ਵਾਲਾ ਕਰੇਗੀ।(7)


-੧੦੭-