ਪੰਨਾ:ਨਵਾਂ ਮਾਸਟਰ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਧਾਂ ਤੇ ਆਉਂਦਾ ਅਤੇ ਪਲ ਦੀ ਪਲ ਵਿਚ ਹੀ ਮਿਟ ਜਾਂਦਾ। ਉਸ ਦੇ ਅਜ ਦੇ ਖ਼ਿਆਲਾਂ ਦਾ ਅਤੇ ਛੇ ਸਾਲ ਪਹਿਲਾਂ ਦੇ ਖ਼ਿਆਲਾਂ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਜ਼ਨਾਨੀਆਂ ਨੂੰ ਉਹ ਕੈਰੀਆਂ ਅੱਖਾਂ ਨਾਲ ਵੇਖਣ ਲਗ ਪਿਆ ਸੀ, 'ਔਰਤ ਸ਼ੈਤਾਨ ਦਾ ਰੂਪ ਹੈ', ਉਸ ਦਾ ਵਿਸ਼ਵਾਸ ਬਣ ਚੁਕਾ ਸੀ; ਮੁਕਤੀ ਹਾਸਲ ਕਰਨ ਵਾਸਤੇ ਉਸ ਤੋਂ ਬਚਣ ਦੀ ਲੋੜ ਹੈ।' ਪਰ ਮੁਕਤੀ ਕੀ ਹੈ? ਇਸ ਬਾਰੇ ਉਸ ਕਦੀ ਨਹੀਂ ਸੀ ਸੋਚਿਆ। ਜੇ ਸੋਚਦਾ ਵੀ ਤਾਂ ਮਜ਼੍ਹਬੀ ਗੋਰਖ ਧੰਦੇ ਵਿਚ ਫਸ ਕੇ ਰਹਿ ਜਾਂਦਾ। ਕਿਉਂਕਿ ਆਪਣੇ ਮਜ਼੍ਹਬ ਬਾਰੇ ਉਸ ਨੂੰ ਯਕੀਨ ਨਹੀਂ ਸੀ।

ਉਸ ਦੇ ਵਡੇਰੇ ਸ਼ਇਦ ਕਦੀ ਦੇਵੀਆਂ ਦੀ ਪੂਜਾ ਕਰਦੇ ਸਨ। ਕਿਉਂਕਿ ਉਸ ਨੇ ਆਪਣੀ ਕੁਲ ਦੀਆਂ ਕਥਾਵਾਂ ਸੁਣੀਆਂ ਹੋਈਆਂ ਸਨ। ਇਸ ਬਾਰੇ ਉਸ ਨੂੰ ਕੋਈ ਸ਼ਕ ਨਹੀਂ ਸੀ। ਪਰ ਉਸ ਨੇ ਕਈ ਵਡੇਰੇ ਕਬਰਾਂ ਅਤੇ ਪੀਰਾਂ ਦੇ ਜਾਂਦੇ ਵੀ ਸੁਣੇ ਸਨ। ਅਤੇ ਉਸ ਦਾ ਬਾਪੂ ਉਸ ਨੂੰ ਬਾਬਾ ਆਦਮ ਅਤੇ ਮਾਈ ਹਵਾੱ ਦੀਆਂ ਸਾਖੀਆਂ ਵੀ ਸੁਣਾਇਆ ਕਰਦਾ ਸੀ।

ਉਸ ਨੂੰ ਆਪਣੇ ਮਜ਼੍ਹਬ ਬਾਰੇ ਕੋਈ ਬਝਵਾਂ ਯਕੀਨ ਨਹੀਂ ਸੀ। ਪਰ ਔਰਤ ਸ਼ੈਤਾਨ ਅਤੇ ਮੁਕਤੀ ਇਹ ਤਿੰਨੇ ਨਾਂਵ ਹੀ ਲੈ ਦੇ ਕੇ ਉਸ ਦੇ ਮਨ ਵਿਚ ਬਾਕੀ ਰਹਿ ਗਏ ਸਨ। ਇਕ ਮਰਦ ਔਰਤ ਹੰਡਾਉਣ ਪਿੱਛੋਂ ਸਿਰਫ ਮੁਕਤੀ ਦੀ ਹੀ ਆਸ ਰਖ ਸਕਦਾ ਹੈ। ਅਤੇ ਮੁਕਤੀ ਹਾਸਲ ਕਰਨ ਵਾਸਤੇ ਮਦਾਰੀ ਔਰਤ ਦਾ ਤਿਆਗ ਹੀ ਸਿਧਾ ਰਾਹ ਸਮਝ ਸਕਿਆ ਸੀ। ਉਹ ਔਰਤ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ।

ਨਵਾਂ ਮਾਸਟਰ

੪੧.