ਪੰਨਾ:ਨਵਾਂ ਮਾਸਟਰ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ। ਹੁਣ ਉਹ ਪਾਰੋ ਨੂੰ ਉਸ ਦੀਆਂ ਅੱਖਾਂ ਵੇਖ ਕੇ ਵੀ ਪਛਾਣ ਸਕਦਾ ਸੀ।

ਸ਼ਾਮ ਨੂੰ ਉਹ ਵਾਪਸ ਟੱਪਰੀ ਵਲ ਆਇਆ ਅਤੇ ਸੰਤੂ ਦੀਆਂ ਬਕਰੀਆਂ ਉਸ ਦੇ ਵਾੜੇ ਵਿਚ ਦੇ ਕੇ ਆਪਣੀ ਝੁਗੀ ਵਲ ਤੁਰ ਗਿਆ। ਅਗੇ ਉਸ ਦਾ ਬਾਪੂ ਵੀ ਬੈਠਾ ਸੀ। ਉਸ ਨੇ ਪੁਛਿਆ।

'ਇਕੱਲੇ ਦਾ ਦਿਲ ਤਾਂ ਨਹੀਂ ਓਦਰ ਜਾਂਦਾ?'

'ਨਹੀਂ, ਹੁਣ ਨਾਲ ਸੰਤੂ ਜੁ ਹੁੰਦਾ ਏ' ਜਮੂਰੇ ਨੇ ਕਿਹਾ, 'ਪਰ...।'

'ਪਰ ਕੀ?' ਮਦਾਰੀ ਨੇ ਕਿਹਾ।

ਉਹ ਅਜ ਨਹੀਂ ਸੀ ਆਇਆ। ਪਾਰੋ ਉਹਦੀਆਂ ਬਕਰੀਆਂ ਨਾਲ ਜਾ ਕੇ ਰਲਾ ਆਈ ਸੀ।

'ਪਾਰੋ!' ਮਦਾਰੀ ਨੇ ਹੈਰਾਨ ਹੋ ਕੇ ਪੁਛਿਆ, ਉਹ ਕਿੰਨਾ ਕੁ ਚਿਰ ਤੇਰੇ ਕੋਲ ਖਲੋਤੀ ਸੀ। ਮਦਾਰੀ ਸ਼ੱਕ ਦੀਆਂ ਨਜ਼ਰਾਂ ਨਾਲ ਉਸ ਵਲ ਵੇਖ ਰਿਹਾ ਸੀ।

'ਪਲ ਦੀ ਪਲ, ਤੇ ਫੇਰ ਉਹ ਮੁੜ ਆਈ ਸੀ।'

ਬੁਢਾ ਮਦਾਰੀ ਸੋਚਾਂ ਵਿਚ ਵਹਿ ਗਿਆ। ਉਸ ਨੂੰ ਉਸ ਦੀਆਂ ਸਭ ਕੋਸ਼ਿਸ਼ਾਂ ਨਿਸਫਲ ਜਾਪਣ ਲੱਗ ਪਈਆਂ।

'ਸੰਤੂ ਭਲਕੇ ਆਵੇਗਾ' ਜਮੂਰਾ ਬੋਲਿਆ।

ਮਦਾਰੀ ਦੇ ਦਿਲ ਨੂੰ ਢਾਰਸ ਹੋਈ। ਉਸ ਨੇ ਰੱਬ ਦਾ ਸ਼ੁਕਰ ਕੀਤਾ ਕਿ ਪਾਰੋ ਉਥੇ ਜਮੂਰੇ ਪਾਸ ਬਹੁਤਾ ਚਿਰ ਨਹੀਂ ਸੀ ਠਹਿਰੀ।

੫੨.

ਹੂਰਾਂ