ਪੰਨਾ:ਨਵਾਂ ਮਾਸਟਰ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ, ਜੇ ਪੱਤੀ ਦੀ ਥਾਂ ਪ੍ਰੈਸ ਵਿਚ ਉਸ ਦਾ ਆਪਣਾ ਸੱਜਾ ਹੱਥ ਆ ਜਾਏ ਤੇ ਉਤੋਂ ਅਪ੍ਰੈਂਟਿਸ ਸਟ ਲਾ ਦੇਵੇ, ਤਾਂ!..... ਉਹ ਕੰਬ ਉਠਦਾ ਹੈ ਤੇ ਉਸ ਨੂੰ ਉਸ ਖਰੌੜੇ ਦੀ ਯਾਦ ਆ ਜਾਂਦੀ ਹੈ, ਜੋ ਇਕ ਵਾਰੀ ਸਾਹਿਬ ਦਾ ਟਾਮੀ ਮੱਚਕ ਮੱਚਕ ਮੇਜ਼ ਤੇ ਬੈਠਾ ਚਬ ਰਿਹਾ ਸੀ- ਉਹ ਟੁੰਡਾ ਹੋ ਜਾਏਗਾ, ਬੇਕਾਰ, ਫਿਰ ਇਕ ਮੰਗਤਾ,- ਤੇ ਉਸ ਦੀਆਂ ਧੰਦਿਆਈਆਂ ਅੱਖਾਂ ਅਗੇ ਇਕ ਡੌਰ ਭੌਰਾ, ਬੌਰਿਆ ਫਕੀਰ ਵਿਲਕਦਾ ਲੂਹਣੀਆਂ ਲੈਣ ਲਗ ਜਾਂਦਾ- ਸਾਹਿਬ ਇਕ ਪੈਸਾ, ਤੇਰਾ ਇਕਬਾਲ ਬੁਲੰਦ ਹੋਵੇ, ਇਕ ਪੈਸਾ।

'ਓ ਕੀ ਟਾਹਰਾਂ ਮਾਰੀ ਜਾਨਾਂ ਏਂ, ਕੁਝ ਗਲ ਵੀ ਹੋਵੇ?'

'ਦਈਂ ਕੋਈ ਲੀਰ ਤੇ ਤੇਲ, ਬੁਧੂ ਨੇ ਮੇਰਾ ਅੰਗੂਠਾ ਈ ਚਿੱਥ ਘਤਿਆ ਈ।'

ਓ ਲਕ- ਟੇਸ਼ਣਾ!' ਪ੍ਰੇਮਾ ਅੰਗੂਠੇ ਤੇ ਤੇਲ ਮਲਦਾ ਹੋਇਆ ਅਲੈਕਟਰੀਸ਼ਨ ਨੂੰ ਅਵਾਜ਼ ਦੇਂਦਾ ਹੈ ਜੋ ਸਾਣ ਦੀ ਮੋਟਰ ਨੂੰ ਚਾਲੂ ਕਰ ਰਿਹਾ ਹੈ ਪ੍ਰੇਮਾ, ਸਾਰੇ ਸੈਕਸ਼ਨ ਵਿਚ ਹਸ-ਮੁਖ ਤੇ ਮਿਲਨਸਾਰ ਕਾਰੀਗਰ ਹੈ, ਜਣੇ ਖਣੇ ਨਾਲ ਠੱਠਾ ਕਰਨਾ ਇਸਦਾ ਇਕ ਅਸੂਲ ਹੀ ਬਣ ਚੁਕਾ ਹੈ, ਤੇ ਜੇ ਕੋਈ ਇਸ ਦੇ ਹਾਸਿਆਂ ਨੂੰ ਤੱਤੇ ਦਿਲ ਕਬੂਲਦਾ ਹੈ ਤਾਂ ਇਹ ਅਗੋਂ ਬੜੀ ਵਿਦਵਤਾ ਨਾਲ ਨਿਰਲੇਪ ਮੁਸਕ੍ਰਾਹਟ ਵਿਚ ਆਖਦਾ ਹੈ-

'ਵਾਹ ਸਾਥੀ ਮਜ਼ਦੂਰ, ਇਹ ਸਾਂਝੇ ਕੰਮ ਦੀ ਖੁਸ਼ੀ ਹੀ ਤਾਂ ਸਾਨੂੰ ਤੋਰੀ ਰਖਦੀ ਹੈ, ਇਨੇ ਪੈਸਿਆਂ ਵਿਚ ਅਸੀਂ ਕੀ ਖਾ ਪੀ ਸਕਦੇ ਹਾਂ? ਇਹ ਖੁਸ਼ੀ ਇਹ ਖੇੜਾ, ਇਹ ਸਾਂਝੀ ਮਜ਼ਦੂਰੀ ਦੀਆਂ ਹੀ ਬਰਕਤਾਂ ਹਨ,- ਤੇ ਜਦ ਸਾਡੀ ਕਮਾਈ ਵੀ ਸਾਂਝੀ ਹੋ ਜਾਏਗੀ

੧੦੪.

ਮਸ਼ੀਨ ਸ਼ਾਪ