ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਗੁਰੁ ਨਾਨਕ ਦੇਵ ਜੀ ਪੜ੍ਹੇ ਹੋਏ ਸਨ?

ਕਈਆਂ ਲੋਕਾਂ ਦਾ ਜਤਨ ਹੁੰਦਾ ਹੈ ਕਿ ਆਪਣੇ ਵੱਡਿਆਂ ਦੀ ਵਡਿਆਈ ਦਾ ਅਸਰ ਵਧਾਉਣ ਲਈ ਉਨ੍ਹਾਂ ਨੂੰ ਅਨਪੜ੍ਹ ਸਾਬਤ ਕਰਨ, ਤਾਂ ਜੋ ਲੋਕੀਂ ਇਹ ਵੇਖ ਕੇ ਹੈਰਾਨ ਹੋ ਜਾਣ ਕਿ ਇਤਨੀ ਉੱਚੀ ਸਿਖਿਆ ਦੇਣ ਵਾਲਾ ਜਾਂ ਇੰਨੀ ਪ੍ਰਭੁਤਾ ਦਾ ਮਾਲਕ ਆਪ ਕਿਸੇ ਤੋਂ ਕੁਝ ਨਹੀਂ ਪੜ੍ਹਿਆ। ਇਸੇ ਲਈ ਹਜ਼ਰਤ ਮੁਹੰਮਦ, ਸ਼ਹਿਨਸ਼ਾਹ ਅਕਬਰ ਅਤੇ ਸਤਿਗੁਰ ਨਾਨਕ ਦੇਵ ਬਾਬਤ ਦਸਦੇ ਹਨ ਕਿ ਉਨ੍ਹਾਂ ਨੇ ਵਿਦਿਆ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ, ਅਰਥਾਤ ਲਿਖਣਾ ਪੜ੍ਹਨਾ ਨਹੀਂ ਸਿਖਿਆ, ਜੋ ਕੁਝ ਪਾਇਆ, ਅਤੇ ਜੋ ਕੁਝ ਕਢਿਆ ਆਪਣੇ ਅੰਦਰੋਂ ਹੀ ਕਢਿਆ।

ਮੁਗਲਾਂ ਦੇ ਸਮੇਂ ਤੋਂ ਲੈ ਕੇ ਤਾਲੀਮ ਦਾ ਸਿਲਸਿਲਾ ਅਜੇਹਾ ਬਾਕਾਇਦਾ ਚਲਾ ਆਇਆ ਹੈ ਕਿ ਆਮ ਲੋਕਾਂ ਨੂੰ ਹੋਰ ਕੋਈ ਤਰੀਕਾ ਤਾਲੀਮ ਦਾ ਸੁਝਦਾ ਨਹੀਂ। ਜੇ ਕੋਈ ਆਦਮੀ ਕਿਸੇ ਮਕਤਬ, ਮਦਰਸੇ ਜਾਂ ਸਕੂਲ ਕਾਲਜ ਵਿਚ ਬਹਿ ਕੇ ਲਗਾਤਾਰ ਨਾ ਪੜ੍ਹੇ ਉਸ ਨੂੰ ਪੜ੍ਹਿਆ ਹੋਇਆ ਨਹੀਂ ਗਿਣਦੇ। ਪਰ ਜੇ ਵਾਕਿਆਤ ਨੂੰ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਮੌਜੂਦਾ ਜ਼ਮਾਨੇ ਵਿਚ ਵੀ ਕਈ ਵੱਡੇ ਵੱਡੇ ਵਿਦਵਾਨ ਤੇ ਕਵੀ ਆਪਣੇ ਆਪ ਪੜ੍ਹੇ ਹਨ ਅਤੇ ਕਿਸੇ ਬਾਕਾਇਦਾ ਸਕੂਲ ਵਿਚ ਨਹੀਂ ਗਏ। ਰਾਬਰਟ ਬਰੋਨਿੰਗ ਅੰਗਰੇਜ਼ੀ ਦਾ ਭਾਰੀ ਕਵੀ ਹੋਇਆ ਹੈ, ਜਿਸ ਦੀ ਵਿਦਵਤਾ ਦਾ ਟਾਕਰਾ ਅਜ ਕਲ ਦਾ ਕੋਈ ਹੋਰ ਕਵੀ ਨਹੀਂ ਕਰ ਸਕਦਾ, ਪਰ ਉਹ ਕਿਸੇ ਸਕੂਲ ਜਾਂ ਕਾਲਜ ਵਿਚ ਨਹੀਂ ਸੀ ਪੜ੍ਹਿਆ। ਹਿੰਦ ਦਾ ਮਹਾਂ ਕਵੀ ਟੈਗੋਰ, ਜਿਸ ਦੀ ਵਿਦਵਤਾ ਦਾ ਸਿੱਕਾ ਪੱਛਮੀ ਲੋਕਾਂ ਨੇ ਭੀ ਮੰਨਿਆ ਹੈ, ਕਿਸੇ ਬਾਕਾਇਦਾ ਸਕੂਲ ਜਾਂ ਕਾਲਜ ਦਾ ਪੜ੍ਹਿਆ ਹੋਇਆ ਨਹੀਂ ਸੀ।

ਇਕ ਹੋਰ ਗੱਲ ਭੀ ਹੈ। ਆਮ ਤੌਰ ਤੇ ਲੋਕ ਲਿਖਣ ਪੜ੍ਹਨ ਨੂੰ ਵਿਦਿਆ ਕਹਿੰਦੇ ਹਨ। ਅਸਲ ਵਿਚ ਲਿਖ਼ਣਾ ਪੜ੍ਹਨਾ ਇਕ ਵਸੀਲਾ ਹੈ ਵਿਦਿਆ ਸਿਖਣ ਦਾ। ਇਲਮ ਦੇ ਖਜ਼ਾਨੇ ਲਿਖਤ ਵਿਚ ਹਨ, ਇਸ ਲਈ ਸਧਾਰਨ ਤੌਰ ਤੇ ਇਉਂ

੯੯