ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਹੁੰਦਾ ਹੈ ਕਿ ਜਿਹੜਾ ਆਦਮੀ ਇਲਮ ਦੇ ਖਜ਼ਾਨੇ ਤਕ ਪਹੁੰਚਣਾ ਚਾਹੁੰਦਾ ਹੈ, ਉਸ ਨੂੰ ਲਿਖਤ ਪੜ੍ਹਤ ਦੀ ਕੁੰਜੀ ਵਰਤਣੀ ਪੈਂਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਆਦਮੀ ਇਸੇ ਕੁੰਜੀ ਨੂੰ ਵਰਤੇ। ਸਮਰੱਥ ਲੋਕਾਂ ਵਾਸਤੇ ਹੋਰ ਵੀ ਸਾਧਨ ਹੋ ਸਕਦਾ ਹੈ। ਅਕਬਰ ਲਿਖਣ ਪੜ੍ਹਨ ਵਲੋਂ ਤਾਂ ਕੋਰਾ ਸੀ, ਪਰ ਫ਼ਾਰਸੀ, ਤੁਰਕੀ ਆਦਿ ਸਾਹਿੱਤ ਦਾ ਸਵਾਦ ਉਤਨਾ ਹੀ ਚਖਦਾ ਸੀ ਜਿਤਨਾ ਕਿ ਕੋਈ ਪੜ੍ਹਿਆ ਲਿਖਿਆ ਚਖ ਸਕਦਾ ਹੈ। ਉਹ ਵੱਡੇ ਵੱਡੇ ਵਿਦਵਾਨਾਂ ਦੀ ਸੰਗਤ ਕਰਦਾ ਸੀ, ਉਨ੍ਹਾਂ ਕੋਲੋਂ ਹਾਫ਼ਜ਼ ਆਦਿ ਕਵੀਆਂ ਦੀ ਕਵਿਤਾ ਸੁਣਦਾ ਸੀ। ਉਸ ਦੇ ਦਰਬਾਰ ਵਿਚ ਹਿੰਦੂ, ਮੁਸਲਮਾਨ, ਈਸਾਈ ਆਗੂਆਂ ਦੀ ਇਲਮੀ ਤੇ ਮਜ਼੍ਹਬੀ ਚਰਚਾ ਹੁੰਦੀ ਰਹਿੰਦੀ ਸੀ ਅਤੇ ਉਹ ਉਸ ਵਿਚ ਸਾਲਸ ਹੋ ਕੇ ਚੋਖਾ ਹਿੱਸਾ ਲੈਂਦਾ ਸੀ। ਕੌਣ ਕਹਿ ਸਕਦਾ ਹੈ ਕਿ ਉਹ ਅਨਪੜ੍ਹ ਸੀ। ਕਿਸੇ ਨੇ ਵਿਦਿਆ ਅੱਖਾਂ ਦੇ ਰਾਹੋਂ ਪ੍ਰਾਪਤ ਕੀਤੀ, ਕਿਸੇ ਨੇ ਕੰਨਾਂ ਦ੍ਵਾਰਾ ਪ੍ਰਾਪਤ ਕੀਤੀ, ਫ਼ਰਕ ਕੀ ਹੋਇਆ? ਵਿਦਿਆ ਤਾਂ ਅੰਦਰ ਚਲੀ ਗਈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਅਨਪੜ੍ਹ ਕਹਿਣਾ ਭੁੱਲ ਹੈ। ਭਾਵੇਂ ਉਸ ਨੂੰ ਅੱਖਰੀ ਇਲਮ ਨਹੀਂ ਸੀ ਆਉਂਦਾ ਫਿਰ ਭੀ ਉਹ ਫ਼ਾਰਸੀ, ਪੰਜਾਬੀ ਆਦਿ ਜ਼ਬਾਨਾਂ ਜਾਣਦਾ ਸੀ ਅਤੇ ਕਵੀਆਂ ਦੀਆਂ ਕਵਿਤਾਵਾਂ ਸੁਣਦਾ, ਇਨਾਮ ਦੇਂਦਾ ਤੇ ਆਪਣੇ ਦਫ਼ਤਰ ਵਾਲਿਆਂ ਕੋਲੋਂ ਫ਼ਾਰਸੀ ਚਿੱਠੀ ਪੱਤਰ ਦੇ ਮਸੌਦੇ ਸੁਣਦਾ ਅਤੇ ਆਪ ਲਿਖਵਾਉਂਦਾ ਸੀ। ਉਸ ਨੂੰ ਅਨਪੜ੍ਹ ਕੌਣ ਆਖ ਸਕਦਾ ਹੈ?

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਮੀ ਲਿਆਕਤ ਬਾਬਤ ਭੀ ਇਉਂ ਹੀ ਵਿਚਾਰ ਕਰਨੀ ਪਵੇਗੀ।

ਸਿਖ ਲਿਖਾਰੀਆਂ ਦਾ ਵਿਚਾਰ ਹੈ ਕਿ ਜੇਕਰ ਗੁਰੂ ਜੀ ਦਾ ਪਾਂਧੇ ਕੋਲੋਂ ਪੜ੍ਹਨਾ ਲਿਖਣਾ ਮੰਨੀਏ ਤਾਂ ਗੁਰੂ ਜੀ ਦੀ ਵਡਿਆਈ ਵਿਚ ਘਾਟਾ ਪੈਂਦਾ ਹੈ, ਇਸ ਲਈ ਉਹ ਲਿਖਦੇ ਹਨ ਕਿ ਗੋਪਾਲ ਪੰਡਿਤ ਪਾਸ ਪੜ੍ਹਨੇ ਤਾਂ ਪਾਏ ਗਏ ਸਨ ਪਰ ਉਨ੍ਹਾਂ ਉਸ ਪਾਸੋਂ ਸਿਖਿਆ ਕੁਝ ਨਹੀਂ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਛੀਵੇਂ ਅਤੇ ਦਸਵੇਂ ਪਾਤਸ਼ਾਹ ਬਾਬਤ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੇ ਮਨੁੱਖਾਂ ਪਾਸੋਂ ਸੰਸਾਰੀ ਵਿਦਿਆ ਲਈ ਤਾਂ ਸ੍ਰੀ ਗੁਰੂ ਨਾਨਕ ਦੇਵ ਬਾਬਤ ਭੀ ਮੰਨਦਿਆਂ ਗੁਰੂ ਜੀ ਦੀ ਕੋਈ ਹਿਰਤੀ ਨਹੀਂ ਹੁੰਦੀ, ਕਿ ਉਨ੍ਹਾਂ ਨੇ ਪਾਂਧੇ ਪਾਸੋਂ ਅੱਖਰ ਲਿਖਣ ਤੇ ਹਿਸਾਬ ਕਿਤਾਬ ਰਖਣਾ ਸਿਖਿਆ। ਗੱਲ ਇਹ ਹੈ ਕਿ ਗੁਰੂ ਜੀ ਰੱਬੀ ਜੋਤ ਸਨ ਪਰ ਉਨ੍ਹਾਂ ਮਨੁੱਖੀ ਜਾਮਾ ਭੀ ਧਾਰਨ ਕੀਤਾ ਹੋਇਆ ਸੀ। ਮਨੁੱਖੀ

੧੦੦